ਮੈਨੂੰ ਲੋੜ ਨਹੀਂ ਧਨ ਪਦਾਰਥਾਂ ਦੀ,
ਨਾ ਕੋਈ ਚਾਹੀਦਾ ਪਿੰਡ ਗਰਾਂ ਮੈਨੂੰ।
ਖੂਹਾਂ ਅਤੇ ਮਕਾਨਾਂ ਦੀ ਚਾਹ ਕੋਈ ਨਹੀਂ,
ਜ਼ਮੀਂ ਚਾਹੀਦੀ ਨਹੀਂ ਘੁਮਾਂ ਮੈਨੂੰ।
ਮੰਗਾਂ ਮੰਗ ਨਾ ਧੀਆਂ ਤੇ ਪੁੱਤਰਾਂ ਦੀ,
ਬੇਸ਼ਕ ਬਖਸ਼ ਨਾ ਮੱਝ ਤੇ ਗਾਂ ਮੈਨੂੰ।
ਠੋ੍ਹਕਰ ਮਾਰਾਂ ਜੇ ਦੇਵੇਂ ਵਜ਼ਾਰਤਾਂ ਵੀ,
ਲੀਡਰ ਬਣਨ ਦੀ ਵੀ ਕਰ ਨਾ ਹਾਂ ਮੈਨੂੰ।
ਜੀਵਨ ਲਗ ਜਾਏ ਮੇਰਾ ਕਿਸੇ ਲੇਖੇ,
ਆਵੇ ਸਬਰ ਸੰਤੋਖ ਫਿਰ ਤਾਂ ਮੈਨੂੰ।
ਮਸਤੀ ਨਜ਼ਰਾਂ ਦੀ ਨਜ਼ਰਾਂ ਦੇ ਵਿੱਚ ਪਾ ਕੇ,
ਦੇ ਦੇ ਦਾਤਿਆ ਚਰਨਾਂ 'ਚ ਥਾਂ ਮੈਨੂੰ।
ਕਲਗੀ ਵਾਲਿਆ ਕਲਗੀ ਦੀ ਝਲਕ ਦੇ ਕੇ,
ਨੂਰ ਨੂਰ ਕਰ ਦੇ ਵਾਲ ਵਾਲ ਮੇਰਾ।
ਅੱਡੀ ਲਾ ਕੇ ਨੀਲੇ ਤੋਂ ਆ ਛੇਤੀ,
ਤੱਕ ਜਾ ਅੱਖੀਆਂ ਨਾਲ ਤੂੰ ਹਾਲ ਮੇਰਾ।
ਕਰਨ ਵਾਸਤੇ ਅੱਜ ਦੀਦਾਰ ਤੇਰਾ,
ਉਡਦਾ ਅਰਸ਼ਾਂ ਤੇ ਪਿਆ ਖ਼ਿਆਲ ਮੇਰਾ।
ਮਿਹਰਾਂ ਵਾਲਿਆ ਮਿਹਰਾਂ ਦੀ ਨਜ਼ਰ ਪਾ ਕੇ,
ਮਨ ਲੈ ਵਾਸਤਾ ਈ ਇਕ ਸੁਆਲ ਮੇਰਾ।
ਕਹਿਰਾਂ ਨਾਲ ਲੁਸਦੀ ਜਿਥੇ ਖਲਕ ਵੇਖਾਂ,
ਉੱਥੇ ਮਿਲੇ ਹਜ਼ੂਰ ਦੀ ਛਾਂ ਮੈਨੂੰ।
ਇਸੇ ਲਈ ਮੈਂ ਅਰਜ਼ ਗੁਜ਼ਾਰਦਾ ਹਾਂ,
ਦੇ ਦੇ ਦਾਤਿਆ ਚਰਨਾਂ 'ਚ ਥਾਂ ਮੈਨੂੰ।
ਅੰਮ੍ਰਿਤ ਚੋਅ ਕੇ ਖੰਡੇ ਦੀ ਧਾਰ ਵਿੱਚੋਂ,
ਰੂਹਾਂ ਮੁਰਦਿਆਂ ਵਿੱਚ ਵੀ ਪਾਣ ਵਾਲੇ।
ਦਸ ਕੇ ਤਿੱਖੀ ਤਲਵਾਰ ਤੇ ਨਾਚ ਕਰਨਾ,
ਗਿੱਦੜਾਂ ਭੇਡਾਂ ਨੂੰ ਸ਼ੇਰ ਬਨਾਣ ਵਾਲੇ।
ਬਾਜਾਂ ਨਾਲ ਵੀ ਚਿੜੀ ਦੀ ਲਾ ਟੱਕਰ,
ਸਵਾ ਲੱਖ ਨਾਲ ਇੱਕ ਲੜਾਨ ਵਾਲੇ।
ਸੀਸ ਆਪਣੇ ਪਿਤਾ ਦਾ ਬਲੀ ਦੇ ਕੇ,
ਬੱਚੇ ਨੀਹਾਂ ਦੇ ਹੇਠ ਚਿਨਾਣ ਵਾਲੇ।
ਉਸੇ ਤਰ੍ਹਾਂ ਫਿਰ ਅੱਜ ਸੰਸਾਰ ਉੱਤੇ,
ਦੁਖੀ ਜਾਪਦੀ ਏ ਭਾਰਤ ਮਾਂ ਮੈਨੂੰ।
ਰੱਜ ਰੱਜ ਕੇ ਕਰਾਂ ਮੈਂ ਦੇਸ਼ ਸੇਵਾ,
ਦੇ ਦੇ ਦਾਤਿਆ ਚਰਨਾਂ 'ਚ ਥਾਂ ਮੈਨੂੰ।
ਜੋਗਾ ਸਿੰਘ ਨੂੰ ਜਿਵੇਂ ਬਚਾਇਆ ਸੀ,
ਬਲਦੀ ਅੱਗ ਵਿੱਚੋਂ ਪਹਿਰੇਦਾਰ ਬਣ ਕੇ।
ਮਹਾਂ ਸਿੰਘ ਦਾ ਜਿਸ ਤਰ੍ਹਾਂ ਬੇਦਾਵਾ,
ਆਪੂੰ ਫਾੜਿਆ ਤੂੰ ਬਖਸ਼ਣਹਾਰ ਬਣ ਕੇ।
ਮੇਰੇ ਉੱਜੜੇ ਹੋਏ ਦਿਲ ਦੇ ਬਾਗ਼ ਅੰਦਰ,
ਤੂੰ ਵੀ ਆ ਜਾ ਨਵੀਂ ਬਹਾਰ ਬਣ ਕੇ।
ਸਦਾ ਝੂਮਦਾ ਰਹੇ ਧਿਆਨ ਤੇਰਾ,
ਨਜ਼ਰਾਂ ਮੇਰੀਆਂ ਵਿੱਚ ਖ਼ੁਮਾਰ ਬਣ ਕੇ।
ਮਸਤੀ ਆਪਣੇ ਪ੍ਰੇਮ ਦੀ ਚਾੜ੍ਹ ਐਸੀ,
ਵਿਸਰੇ ਕਦੇ ਵੀ ਨਾ ਤੇਰਾ ਨਾਂ ਮੈਨੂੰ।
ਸਾਰੇ ਆਸਰੇ ਛੱਡ ਕੇ ਆ ਗਿਆ ਹਾਂ,
ਦੇ ਦੇ ਦਾਤਿਆ ਚਰਨਾਂ ’ਚ ਥਾਂ ਮੈਨੂੰ।
ਬੇਹੋਸ਼ੀ ਵਿੱਚ ਸੁਰਤ ਪਈ ਸੋਚਦੀ ਏ,
ਕਦੋਂ ਮਿਲਣੇ ਦੀ ਕਰੇਂਗਾ ਹਾਂ ਮੈਨੂੰ।
ਦੁਨੀਆ ਛੋੜ ਤੇਰੇ ਦਰਬਾਰ ਆਇਆਂ,
ਦੇ ਦੇ ਦਾਤਿਆ ਚਰਨਾਂ 'ਚ ਥਾਂ ਮੈਨੂੰ।