ਇਕ ਬਿਰਛ ਦੀ ਬਾਤ

ਇਸ ਰੁਖੜੇ ਦੇ ਨਾਲ ਰੁਮਕੀਆਂ ਖ਼ੁਸ਼ਬੂਦਾਰ ਹਵਾਵਾਂ 

ਇਸ ਨੇ ਕੀਤੀਆਂ ਹਾਰਿਆਂ ਹੁੱਟਿਆਂ ਰਾਹੀਆਂ ਦੇ ਸਿਰ ਛਾਵਾਂ

ਇਸ ਦੇ ਹਰੇ ਕਚੂਰ ਪੱਤਰਾਂ ਨਿੱਘੀ ਧੁੱਪ ਸੀ ਮਾਣੀ 

ਬੱਦਲ ਹੋ ਹੋ ਕੇ ਲਟਬੌਰੇ ਛਿੜਕਣ ਆਏ ਪਾਣੀ

ਇਸ ਦੇ ਮਹਿਕਦਿਆਂ ਫੁੱਲਾਂ ਨੇ ਕਿੰਨੇ ਮਨ ਮਹਿਕਾਏ 

ਇਸ ਦੇ ਜਾਦੂ-ਅਸਰ ਫਲਾਂ ਨੇ ਰੂਹ ਦੇ ਰੰਗ ਮਿਟਾਏ

ਰਾਤੀਂ ਟਾਹਣਾਂ ਨਾਲ ਕਲੋਲਾਂ ਕਰਦੀਆਂ ਸਨ ਤਰੇਲਾਂ 

ਕੂਲੇ ਪੱਤਿਆਂ ਉਹਲੇ ਬਹਿ ਬਹਿ ਗੀਤ ਗਾਉਂਦੀਆਂ ਕੋਇਲਾਂ।

ਸੌਣ ਮਹੀਨੇ ਇਕ ਦਿਨ ਪਰ ਹਰਿਆਵਲ ਗਈ ਸਰਾਪੀ 

ਪੀਲੇ ਰੰਗ ਦੀ ਅਮਰ ਵੇਲ ਜਦ ਅੰਬਰੋਂ ਡਿੱਗੀ ਜਾਪੀ

ਜਿੰਨੇ ਚਿਰ ਤਕ ਤਗ ਸਕਦੀ ਸੀ ਹਿੰਮਤ ਫਿਰ ਵੀ ਤੱਗੀ 

ਹੌਲੀ-ਹੌਲੀ ਅਮਰ ਵੇਲ ਪਰ ਵੱਧਣ ਫੈਲਣ ਲੱਗੀ

ਵਧ ਵਧ ਕੇ ਉਹ ਏਦਾਂ ਫੈਲੀ ਪਤ ਪਤ ਉੱਤੇ ਛਾਈ 

ਭਾਰ ਦੇ ਹੇਠਾਂ ਫਲ ਫੁਲ ਵਾਲੀ ਹਰ ਇਕ ਟਾਹਣ ਦਬਾਈ

ਸੰਸੇ ਵਰਗੀ ਸਿਉਂਕ ਪੈ ਗਈ ਜੜ੍ਹ ਨੂੰ ਅੰਦਰੋ ਅੰਦਰੇ 

ਆਪਣੇ ਲੇਖ ਹੀ ਆਖ਼ਰ ਇਸ ਨੂੰ ਜਾਪਣ ਲੱਗੇ ਚੰਦਰੇ

ਝੜ ਗਈ ਅਮਰ ਵੇਲ ਵੀ ਓੜਕ ਲੈ ਕੇ ਫਲ ਫੁਲ ਸਾਰੇ 

ਬਚੇ ਖੁਚੇ ਕੁਝ ਸੁੱਕੇ ਤੁੱਕੇ ਖੜਕਣ ਕੱਕਰ ਮਾਰੇ

ਬਣ ਕੇ ਇੰਝ ਉਡੀਕ ਦੀ ਮੂਰਤ ਹੁਣ ਇਹ ਖੜਾ ਵਿਚਾਰਾ 

ਲੈ ਕੇ ਹੱਥ ਕੁਹਾੜਾ ਆਵੇ ਕੋਈ ਨਾ ਲੱਕੜਹਾਰਾ ।

📝 ਸੋਧ ਲਈ ਭੇਜੋ