ਇੱਕ ਚਾਂਦਨੀ ਚੌਕ ਹੋਰ

(ਇਹ ਨਜ਼ਮ 1984 ਅਤੇ ਉਸਤੋਂ ਬਾਅਦ ਵਿੱਚ ਵਾਪਰੀਆਂ 

ਸਿੱਖ ਨਸਲਕੁਸ਼ੀ ਅਤੇ ਦੰਗਿਆਂ ਦੀਆਂ ਘਟਨਾਵਾਂ ਦੌਰਾਨ ਲੇਖਕ 

ਨਾਲ ਖ਼ੁਦ ਨਾਲ ਵਾਪਰੀ ਇੱਕ ਸੱਚੀ ਘਟਨਾ ਉੱਤੇ ਅਧਾਰਿਤ ਹੈ ।)

ਜਦ ਸਿੰਘਾਂ ਦੇ ਖ਼ੂਨ ਨਾਲ਼ ਸੀ ਖੇਡੀ ਹੋਲੀ

ਜਦ ਇਸ ਦੇਸ ਨੇ ਅਪਣੀ ਪੱਗ ਆਪ ਸੀ ਰੋਲ਼ੀ

ਰੁੱਖ ਡਿੱਗਣ ਤੋਂ ਬਾਅਦ ਸੀ ਝੁੱਲੀ ਨ੍ਹੇਰੀ ਕਾਲ਼ੀ ਬੋਲ਼ੀ

ਉਹਨਾਂ ਦਿਨਾਂ ਦੀ ਵਾਰਤਾ ਇਹ ਅਜਬ ਕਹਾਣੀ

ਝੱਜਰ ਨਗਰ ਦਾ ਵਾਕਿਆ ਰੋਹਤਕ ਦੇ ਬੰਨੇ

ਭਜਨ ਲਾਲ ਬਿਸ਼ਨੋਈ ਦਾ ਸੀ ਸਿੱਕਾ ਚੱਲਦਾ

ਵਾਂਗ ਜ਼ਕਰੀਆ ਖ਼ਾਨ ਦੇ ਸਿੱਖਾਂ ਨੂੰ ਛਲ਼ਦਾ

ਖੱਟੀ ਖੱਟਕੇ ਆ ਰਹੇ ਸੀ ਦੋ ਪੰਜਾਬੀ

ਕੇਸਾਂ ਵਾਲ਼ਾ ਵੇਸ ਸੀ , ਉਹ ਗੁਰੂ ਪਿਆਰੇ

ਸੜਕਾਂ ਉੱਤੇ ਵੱਜਦੇ ਉੱਚੇ ਲਲਕਾਰੇ

' ਸੁੱਕਾ ਕੋਈ ਵੀ ਸਿੱਖੜਾ ਨਾ ਏਥੋਂ ਜਾਵੇ '

ਵੇਂਹਦੇ ਵੇਂਹਦੇ ਭੀੜ ਸੀ ਨੇੜੇ ਆ ਢੁੱਕੀ

ਤੱਕ ਕੇ ਗੱਡੀ ਵਿੱਚ ਦੋ ਦਸਤਾਰਾਂ ਤਾਂਈਂ

ਵਾਛਾਂ ਖਿੜੀਆਂ ਸਭ ਦੀਆਂ ਗਵਾਰਾ ਹਾਸਾ

ਧੂਹ ਕੇ ਦੋਵੇਂ ਸਿੰਘਾਂ ਨੂੰ ਨਾਈ ਕੋਲ਼ ਲੈ ਗਏ

ਕਤਲ ਇਹਨਾਂ ਦੇ ਨਾਲ਼ ਹੀ ਅਸੀਂ ਵਾਲ਼ ਵੀ ਕਰਨੇ

ਕਰੋ ਹਜ਼ਾਮਤ ਫਿਰ ਇਹ ਦੋ ਵਾਰੀ ਮਰਨੇ

ਨਾਈ ਦੇ ਪੰਜ ਪੁੱਤ ਸੀ ਭਰ ਛੈਲ ਛਬੀਲੇ

ਤੱਕ ਕੇ ਧੱਕੇਸ਼ਾਹੀ ਉਹ ਹੋ ਗਏ ਜੋਸ਼ੀਲੇ

ਵਾਲ਼ ਕੱਟਣਾ ਕਾਰ ਹੈ ਬੇਸ਼ੱਕ ਅਸਾਡੀ

ਧੱਕੇਸ਼ਾਹੀ ਮੰਨਣੀ ਨਾ ਅਸੀਂ ਤੁਹਾਡੀ

ਵਾਲ਼ ਨਹੀਂ ਇਹ ਕੇਸ ਨੇ ਉਹਨਾਂ ਫ਼ਰਮਾਇਆ

ਪੱਗ ਨਹੀਂ ਇਹ ਸੀਸ ਹੈ ਜਿਸ ਹਿੰਦ ਬਚਾਇਆ

ਉਸਦੀ ਅਣਸ ਦੇ ਕੇਸ ਅਸੀਂ ਕਿੰਜ ਕਤਲ ਕਰਾਈਏ

ਜਿਸਨੇ ਰਾਖੀ ਦੀਨ ਦੀ ਕਰਨਾ ਸਿਖਾਇਆ

ਮਾਈ ਦੇ ਪੰਜ ਪੁੱਤਰਾਂ ਰੱਖ਼ ਵਚਨ ਵਿਖਾਇਆ

ਕੰਧ ਬਣਾ ਕੇ ਖੜ੍ਹ ਗਏ ਕਿਸੇ ਹੱਥ ਨਾ ਲਾਇਆ

ਇੰਜ ਕਰ ਘਰ ਹੀ ਆਪਣਾ ਉਹਨਾਂ ਚਾਂਦਨੀ-ਚੌਕ ਬਣਾਇਆ

📝 ਸੋਧ ਲਈ ਭੇਜੋ