ਕੁੱਝ ਯਾਦ ਆਏਗਾ ਤੈਨੂੰ
ਇੱਕ ਦਿਨ
ਜਿਸਮ ਜਦ ਥੱਕ ਗਿਆ
ਮਨ ਜਦ ਮੁੱਕ ਗਿਆ
ਤੈਨੂੰ ਕੁਝ ਯਾਦ ਆਏਗਾ
ਘੁੰਮ ਲੈ ਜਿਸਮ ਦਰ ਜਿਸਮ
ਸੋਚ ਦੀ ਹਰ ਗਲੀ
ਰਸਾਂ ਦੀ ਅਮੁਕ ਦਾਅਵਤ
ਚਿਹਰਾ ਦਰ ਚਿਹਰਾ
ਤੂੰ ਦੁਨੀਆ ਜਿੱਤ ਲੈ
ਪਰ ਕੁੱਝ ਹੈ
ਜੋ ਅੰਦਰ ਮੌਜੂਦ ਰਹੇਗਾ
ਨਾਲ ਨਾਲ ਤੁਰੇਗਾ
ਜਿਵੇਂ ਹਵਾ ਵਿੱਚ ਧੁਨੀਆਂ ਹਨ
ਅਕਾਸ਼ ਵਿੱਚ ਚਿੱਤਰ ਹਨ ਜਿਵੇਂ
ਸਭ ਪ੍ਰਗਟ ਹੋ ਜਾਏਗਾ ਇਕ ਦਿਨ
ਯਾਦ ਜੋ ਯਾਦ ਨਹੀਂ ਹੈ ਤੈਨੂੰ
ਯਾਦ ਆ ਜਾਏਗੀ
ਮੁਲਾਕਾਤ ਦੀਆਂ ਸਭ ਥਾਵਾਂ
ਸਭ ਘੜੀਆਂ
ਕਹਾਣੀ ਜਿਥੋਂ ਸ਼ੁਰੂ ਹੋਈ ਸੀ
ਯਾਦ ਇਹ ਤੇਰੇ ਅੰਦਰ ਲੁਪਤ ਹੈ
ਸੰਸਾਰ ਵਿੱਚ ਜਿਵੇਂ ਨਿਰਵਾਣ ਲੁਪਤ ਹੈ
ਮਨ ਵਿੱਚ ਜਿਵੇਂ ਗਿਆਨ ਲੁਪਤ ਹੈ
ਦਿਲਾਂ ਵਿੱਚ ਜਿਵੇਂ
ਮੁਹੱਬਤ ਲੁਪਤ ਹੈ
ਮੇਰੇ ਵਿੱਚ ਜਿਵੇਂ ਤੂੰ
ਉਵੇਂ ਹੀ
ਮੈਂ ਤੇਰੇ ਵਿੱਚ ਲੁਪਤ ਹਾਂ
ਅਸਲ ਵਿੱਚ
ਕਹਾਣੀ ਇਹ
ਰੁਕਣ ਤੋਂ ਬਾਅਦ ਸ਼ੁਰੂ ਹੁੰਦੀ ਹੈ
ਤਲਾਸ਼ ਜਦ ਹਾਰ ਜਾਂਦੀ ਹੈ
ਜਦ ਅਸੀਂ ਖੜ੍ਹ ਜਾਂਦੇ ਹਾਂ ਨਾ
ਇਹ ਸਫਰ ਉਦੋਂ ਸ਼ੁਰੂ ਹੁੰਦਾ ਹੈ
ਦਰਦ ਜੋ ਧੀਮਾ ਧੀਮਾ ਹੈ
ਤੇਜ਼ ਹੋ ਜਾਵੇਗਾ ਇੱਕ ਦਿਨ
ਸੰਭਾਲਿਆ ਨਹੀਂ ਜਾਏਗਾ ਤੈਥੋਂ
ਜਿਸਮ ਹੰਢ ਜਾਏਗਾ
ਮਨ ਹਾਰ ਜਾਵੇਗਾ
ਜਿਸ ਦਿਨ
ਕੁੱਝ ਨਾ ਹੋਇਆ ਤੇਰੇ ਕੋਲ
ਉਸ ਦਿਨ
ਇਹ ਖਜ਼ਾਨਾ ਨਿਕਲੇਗਾ
ਇੱਕ ਦਿਨ
ਕੁੱਝ ਯਾਦ ਆਏਗਾ ਤੈਨੂੰ