ਇਕ ਦਿਨ ਸੁੱਕੀਆਂ ਫ਼ਸਲਾਂ ਹਰੀਆਂ ਹੋਣਗੀਆਂ ।
ਫੁੱਲਾਂ ਦੇ ਨਾਲ ਰਾਹਵਾਂ ਭਰੀਆਂ ਹੋਣਗੀਆਂ ।
ਬੰਜਰ ਧਰਤੀ ਉੱਤੇ ਲੀਲਾ ਲੱਗੇਗੀ,
ਥਾਂ ਥਾਂ ਤੇ ਖ਼ੁਸ਼ਬੂਆਂ ਪਰੀਆਂ ਹੋਣਗੀਆਂ ।
ਕੀਹਨੇ ਦੁੱਖਾਂ ਦੇ ਵਸ ਪਾਇਆ ਜਿੰਦੜੀ ਨੂੰ,
ਆਵੇਂਗਾ ਤੇ ਖ਼ਰੀਆਂ ਖ਼ਰੀਆਂ ਹੋਣਗੀਆਂ ।
ਸੁੱਖੀਂ ਲੱਗਦਾ ਏ ਉਹ ਜੱਗ ਤੋਂ ਵੱਖਰਾ ਏ,
ਨਿੱਕੀ ਉਮਰੇ ਧੀਆਂ ਮਰੀਆਂ ਹੋਣਗੀਆਂ ।
'ਸ਼ਾਕਿਰ' ਉਹੋ ਲੋਕ ਮੁਰਾਦਾਂ ਪਾਵਣਗੇ,
ਜਿਨ੍ਹਾਂ ਨੇ ਤਕਲੀਫ਼ਾਂ ਜਰੀਆਂ ਹੋਣਗੀਆਂ ।