ਇਕ ਦੂਜੇ ਦੀ ਰੱਤ ਵਗਾ ਕੇ

ਇਕ ਦੂਜੇ ਦੀ ਰੱਤ ਵਗਾ ਕੇ ਕੁਝ ਨਈਂ ਮਿਲਣਾ ਸਾਨੂੰ 

ਰੱਬ ਦੀ ਕਸਮੇਂ ਜੰਗਾਂ ਲਾ ਕੇ ਕੁਝ ਨਈਂ ਮਿਲਣਾ ਸਾਨੂੰ

ਇੱਕੋ ਧਰਤੀ ਮਾਂ ਏ ਸਾਡੀ ਇੱਕ ਧਰਤੀ ਦੇ ਜਾਏ 

ਧਰਤੀ ਮਾਂ 'ਤੇ ਬੰਬ ਚਲਾ ਕੇ ਕੁਝ ਨਈਂ ਮਿਲਣਾ ਸਾਨੂੰ

ਦੀਨ ਧਰਮ ਦੇ ਠੇਕੇਦਾਰਾਂ ਪਿੱਛੇ ਲੱਗ ਕੇ ਮਿੱਤਰੋ 

ਸੋਚ ਲਓ ਮਸਜਿਦ ਮੰਦਰ ਢਾਹ ਕੇ ਕੁਝ ਨਈਂ ਮਿਲਣਾ ਸਾਨੂੰ

ਕਹਿੰਦੇ ਨੇ ਨਾ ਹੁੰਦੇ ਨੇ ਹਮਸਾਏ ਮਾਂ ਪਿਉ ਜਾਏ 

ਹਮਸਾਇਆਂ ਸੰਗ ਵੈਰ ਕਮਾ ਕੇ ਕੁਝ ਨਈਂ ਮਿਲਣਾ ਸਾਨੂੰ

ਪਹਿਲੇ ਵੀ ਨੇ ਖ਼ੌਰੇ ਕਿੰਨੀਆਂ ਮਾਵਾਂ ਦੇ ਪੁੱਤ ਮਰ ਗਏ 

ਫੇਰ ਮਾਵਾਂ ਦੇ ਪੁੱਤ ਮਰਵਾ ਕੇ ਕੁਝ ਨਈਂ ਮਿਲਣਾ ਸਾਨੂੰ 

ਓਧਰ ਖਿੜ੍ਹ ਖਿੜ੍ਹ ਤੂੰ ਹੱਸ ਸੱਜਣਾ ਏਧਰ ਮੈਂ ਵੀ ਹੱਸਾਂ 

ਇੱਕ ਦੂਜੇ ਵੱਲ ਘੂਰੀ ਪਾ ਕੇ ਕੁਝ ਨਈਂ ਮਿਲਣਾ ਸਾਨੂੰ 

ਦੂਰੀ ਪੈ ਗਈ ਫਿਰ ਕੀ ਹੋਇਆ ਸਾਂਝਾਂ ਤੇ ਨਈਂ ਮੁੱਕੀਆਂ 

ਢੇਰ ਪੁਰਾਣੀ ਸਾਂਝ ਮੁਕਾ ਕੇ ਕੁਝ ਨਈਂ ਮਿਲਣਾ ਸਾਨੂੰ

ਸਾਡਾ ਸਾਵਾ ਚਿੱਟਾ ਵੱਸੇ ਤੇਰਾ ਵੀ ਤਿੰਨ ਰੰਗਾ 

ਇੱਕ ਦੂਜੇ ਦੇ ਰੰਗ ਮਿਟਾ ਕੇ ਕੁਝ ਨਈਂ ਮਿਲਣਾ ਸਾਨੂੰ

ਆ ਖਾਂ ‘ਸੰਧੂ’ ਇੱਕ ਥਾਂ ਬਹਿ ਕੇ ਵੈਰ ਦਾ ਜ਼ਹਿਰ ਮੁਕਾਈਏ 

ਇਕ ਦੂਜੇ ਨੂੰ ਨਾਗ ਲੜਾ ਕੇ ਕੁਝ ਨਈਂ ਮਿਲਣਾ ਸਾਨੂੰ

📝 ਸੋਧ ਲਈ ਭੇਜੋ