ਇਕ ਦੂਜੇ ਦੀ ਰੱਤ ਵਗਾ ਕੇ ਕੁਝ ਨਈਂ ਮਿਲਣਾ ਸਾਨੂੰ

ਇਕ ਦੂਜੇ ਦੀ ਰੱਤ ਵਗਾ ਕੇ ਕੁਝ ਨਈਂ ਮਿਲਣਾ ਸਾਨੂੰ

ਰੱਬ ਦੀ ਕਸਮ ਏ ਜੰਗਾਂ ਲਾ ਕੇ ਕੁਝ ਨਈਂ ਮਿਲਣਾ ਸਾਨੂੰ

ਇੱਕੋ ਧਰਤੀ ਮਾਂ ਏ ਸਾਡੀ, ਇਕ ਧਰਤੀ ਦੇ ਜਾਏ

ਧਰਤੀ ਮਾਂ 'ਤੇ ਬੰਬ ਚਲਾ ਕੇ ਕੁਝ ਨਈਂ ਮਿਲਣਾ ਸਾਨੂੰ

ਦੀਨ ਧਰਮ ਦੇ ਠੇਕੇਦਾਰਾਂ ਪਿੱਛੇ ਲੱਗ ਕੇ ਮਿੱਤਰੋ

ਸੋਚ ਲਓ ਮਸਜਿਦ ਮੰਦਰ ਢਾਹ ਕੇ ਕੁਝ ਨਈਂ ਮਿਲਣਾ ਸਾਨੂੰ

ਪਹਿਲੇ ਵੀ ਨੇ ਖ਼ੌਰੇ ਕਿੰਨੀਆਂ ਮਾਵਾਂ ਦੇ ਪੁੱਤ ਮਰ ਗਏ

ਫਿਰ ਮਾਵਾਂ ਦੇ ਪੁੱਤ ਮਰਵਾ ਕੇ ਕੁਝ ਨਈਂ ਮਿਲਣਾ ਸਾਨੂੰ

ਓਧਰ ਖਿੜ ਖਿੜ ਤੂੰ ਹੱਸ ਸੱਜਣਾ ਏਧਰ ਮੈਂ ਵੀ ਹੱਸਾਂ

ਇਕ ਦੂਜੇ ਵੱਲ ਘੂਰੀ ਪਾ ਕੇ ਕੁਝ ਨਈਂ ਮਿਲਣਾ ਸਾਨੂੰ

ਦੂਰੀ ਪੈ ਗਈ ਫੇਰ ਕੀ ਹੋਇਆ, ਸਾਂਝਾਂ ਤੇ ਨਈਂ ਮੁੱਕੀਆਂ

ਢੇਰ ਪੁਰਾਣੀ ਸਾਂਝ ਮੁਕਾ ਕੇ ਕੁਝ ਨਈਂ ਮਿਲਣਾ ਸਾਨੂੰ

ਸਾਡਾ ਸਾਵਾ ਚਿੱਟਾ ਵੱਸੇ, ਤੇਰਾ ਵੀ ਤਿੰਨ ਰੰਗਾ

ਇਕ ਦੂਜੇ ਦੇ ਰੰਗ ਮਿਟਾ ਕੇ ਕੁਝ ਨਈਂ ਮਿਲਣਾ ਸਾਨੂੰ

ਆ ਖਾਂ 'ਸੰਧੂ' ਇਕ ਥਾਂ ਬਹਿ ਕੇ ਵੈਰ ਦਾ ਜ਼ਹਿਰ ਮੁਕਾਈਏ

ਇਕ ਦੂਜੇ ਨੂੰ ਨਾਗ ਲੜਾ ਕੇ ਕੁਝ ਨਈਂ ਮਿਲਣਾ ਸਾਨੂੰ

📝 ਸੋਧ ਲਈ ਭੇਜੋ