ਇਕ ਦੂਜੇ ਲਈ ਠੰਢੀਆਂ ਛਾਵਾਂ ਵਰਗੇ ਨੇ
ਓਹ ਜਿੰਨ੍ਹਾਂ ਦੇ ਦਿਲ ਦਰਿਆਵਾਂ ਵਰਗੇ ਨੇ
ਨਾ ਬਈ ਇਸ਼ਕਾ ਡਰ ਲਗਦਾ ਏ ਤੇਰੇ ਤੋਂ
ਭਾਈਆ ਤੇਰੇ ਰੋਗ ਬਲ਼ਾਵਾਂ ਵਰਗੇ ਨੇ
ਸਭ ਕੁਝ ਸਿਰ ’ਤੇ ਰੱਖਿਆਂ ਈ ਮਿਲ ਜਾਂਦਾ ਏ
ਮੇਰੀ ਮਾਂ ਦੇ ਹੱਥ ਦੁਆਵਾਂ ਵਰਗੇ ਨੇ
ਤੂੰ ਮਾੜੇ ਦੀ ਕਿਸ ਖ਼ਤਾ ਨੂੰ ਰੋਨਾ ਏਂ
ਇਹ ਕੜਮੇ ਤੇ ਆਪ ਖ਼ਤਾਵਾਂ ਵਰਗੇ ਨੇ
ਕਾਂ ਤੇ ਕਾਂ ਨੇ ਗੱਲ ਕੀ ਕਰਨੀ ਕਾਵਾਂ ਦੀ
ਹੁਣ ਤੇ ਸ਼ੋਹਦੇ ਬਾਜ਼ ਵੀ ਕਾਵਾਂ ਵਰਗੇ ਨੇ
ਹੱਸ ਨਾ ਹੱਸਿਆਂ ਸੌ ਸੌ ਫ਼ਤਵੇ ਲਗਦੇ ਨੇ
ਏਥੇ ਹਾਸੇ ਸਖ਼ਤ ਗੁਨਾਹਵਾਂ ਵਰਗੇ ਨੇ
ਮਾੜੇ ਘਰ ਵਿਚ ਖ਼ੁਸ਼ੀ ਵੀ ਮਰਗਾਂ ਵਰਗੀ ਏ
ਤਗੜੇ ਘਰ ਵਿਚ ਸੋਗ ਵਿਆਹਵਾਂ ਵਰਗੇ ਨੇ