ਇਕ-ਦੂਜੇ ਦਾ ਦਰਦ ਵੰਡਾਈਏ ਤੂੰ ਤੇ ਮੈਂ ।
ਜਿੰਦੜੀ ਦਾ ਕੁਝ ਕਰਜ਼ ਚੁਕਾਈਏ ਤੂੰ ਤੇ ਮੈਂ ।
ਰਲ ਕੇ ਕੱਤੀਏ ਚਰਖ਼ਾ ਬੀਤੀਆਂ ਯਾਦਾਂ ਦਾ,
ਤੰਦ ਨੂੰ ਤਾਣੀ ਇੰਜ ਬਣਾਈਏ ਤੂੰ ਤੇ ਮੈਂ ।
ਹਿਜਰ ਵਿਸਾਲ ਮੁਕਾਈਏ ਪਿਆਰ ਕਹਾਣੀ ਚੋਂ,
ਚੱਲ ਕੋਈ ਵੱਖਰਾ ਚੰਨ ਚੜ੍ਹਾਈਏ ਤੂੰ ਤੇ ਮੈਂ ।
ਲਹੂ ਨਾਲ ਪਿਆਸ ਬੁਝਾਈਏ ਅੱਥਰੇ ਵੇਲੇ ਦੀ,
ਜ਼ੁਲਮ ਦੀ ਹਰ ਦੀਵਾਰ ਗਿਰਾਈਏ ਤੂੰ ਤੇ ਮੈਂ ।
ਸਭ ਦੀ ਝੋਲੀ ਪਾਈਏ ਫੁੱਲ ਮੁਹੱਬਤ ਦੇ,
ਜ਼ਰਦ ਫ਼ਿਜ਼ਾ ਨੂੰ ਸ਼ਬਜ਼ ਬਣਾਈਏ ਤੂੰ ਤੇ ਮੈਂ ।
ਇੰਜ ਮੁਸਾਫ਼ਿਰ ਰਹੀਏ ਰੱਬ ਦੀ ਧਰਤੀ ਤੇ,
ਵੇਲੇ ਦੇ ਵੀ ਹੱਥ ਨਾ ਆਈਏ ਤੂੰ ਤੇ ਮੈਂ ।
'ਸ਼ਾਹਿਦ' ਇਹ ਵੀ ਰੰਗ ਏ ਇਕ ਇਬਾਦਤ ਦਾ,
ਹੱਕ ਕਿਸੇ ਦਾ ਕਦੇ ਨਾ ਖਾਈਏ ਤੂੰ ਤੇ ਮੈਂ ।