ਇੱਕ ਦੂਜੇ ਦੀ ਛਾਵੇਂ ਗੂੜ੍ਹੇ ਪਿਆਰ ਦੀਆਂ
ਤੇਰੀਆਂ ਗੱਲਾਂ ਸੱਜਣਾ ਸੀਨਾ ਠਾਰਦੀਆਂ
ਵੇਖ ਮੁਸੀਬਤ ਲੋਕਾਂ ਦੀ ਮਨ ਕੰਬਦਾ ਨਾ
ਸੰਗ ਦਿਲਾਂ ਨੂੰ ਨਦੀਆਂ ਵੀ ਕਦ ਤਾਰਦੀਆਂ
ਤਵੀਆਂ ਛਵ੍ਹੀਆਂ ਤੋਪਾਂ ਤੇਗਾਂ ਆਰਿਆਂ ਦੀ
ਈਨ ਨਾ ਮੰਨਣ ਕੌਮਾਂ ਜੇਕਰ ਠਾਣਦੀਆਂ
ਤਿਤਲੀ ਭੌਰੇ ਪੌਣਾਂ ਨੂੰ ਕੀ ਖ਼ਬਰਾਂ ਨੇ
ਕਿੰਨੀਆਂ ਡੂੰਘੀਆਂ ਸਾਝਾਂ ਫ਼ੁੱਲ ਤੇ ਖ਼ਾਰ ਦੀਆਂ
ਰਿਸ਼ਤੇ ਨਾਤੇ ਬੇਮੌਸਮ ਬੇਜਾਨ ਜਿਹੇ
ਗੱਲਾਂ ਹੀ ਨੇ ਬਾਕੀ ਰਸਮ ਨਿਭਾਣ ਦੀਆਂ
ਚਾਅ ਚੜ੍ਹਦਾ ਸੀ ਬੂਹੇ ਵੇਖ ਕੇ ਸੱਜਣਾਂ ਨੂੰ
ਪੁੱਛਦੇ ਹਾਂ ਹੁਣ ਆਪ ਤਰੀਕਾਂ ਜਾਣ ਦੀਆਂ
ਫੱਟੜ ਲੋਕਾਂ ਨੂੰ ਕੋਈ ਅੱਜਕੱਲ੍ਹ ਚੱਕਦਾ ਨਾ
ਦੌੜਾਂ ਨੇ ਬੱਸ ਫੋਨਾਂ ਤੇ ਫਿਲਮਾਣ ਦੀਆਂ
ਕਲਮਕਾਰ ਵੀ ਸ਼ਮੀ ਮੂੰਹ ਲੁਕਾ ਛੱਡਦੇ
ਪੈ ਜਾਣ ਲੋੜਾਂ ਜੇਕਰ ਸੱਚ ਸੁਨਾਣ ਦੀਆਂ