ਇਕ ਇਕ ਕਰਕੇ ਡਿਗਦੇ ਜਾਂਦੇ ਜਿਹੜੇ ਰੁੱਖ ਪੁਰਾਣੇ ਨੇ

ਇਕ ਇਕ ਕਰਕੇ ਡਿਗਦੇ ਜਾਂਦੇ ਜਿਹੜੇ ਰੁੱਖ ਪੁਰਾਣੇ ਨੇ ।

ਨਵਿਆਂ ਨੇ ਕੀ ਛਾਂ ਵਰਤਾਣੀ, ਹਾਲੀ ਆਪ ਅਯਾਣੇ ਨੇ ।

ਆਪ ਮੁਹਾਰੀਆਂ ਲਗਰਾਂ ਦੇਖੋ, ਮੁੱਢ ਨੂੰ ਪੈਰੀਂ ਦੇਵਣ ਪਾ,

ਬਾਗ਼ ਦੀ ਛਾਂਟੀ ਕਰਕੇ ਰੱਖੀਉ ਕਹਿ ਗਏ ਸੱਚ ਸਿਆਣੇ ਨੇ ।

ਮਾਰੋ ਮਾਰੀ ਕੀਕਣ ਮੁੱਕੇ ਭੁੱਖ ਨਹੀਂ ਮੁੱਕਦੀ ਅੱਖੀਆਂ ਦੀ,

ਅੱਖੀਆਂ ਬੱਧੀ ਭੁੱਖ ਦੇ ਸ਼ੀਸ਼ੇ ਅੱਖਰਾਂ ਨਾਲ ਹਟਾਣੇ ਨੇ ।

ਲੋੜਾਂ ਪੈਂਰੀ ਸੰਗਲ ਪਾਏ, ਸਭਨਾਂ ਸੰਗਾਂ ਸਾਕਾਂ ਨੂੰ,

ਚੇਤੇ ਰੱਖ ਇਸ ਦੌਰ ਦੇ ਮਿੱਤਰ ਆਪਾਂ ਨਈਂ ਅਜ਼ਮਾਣੇ ਨੇ ।

ਵੱਖਰਾ ਵੱਖਰਾ ਕਰਕੇ ਸਾਨੂੰ ਆਪਣਾ ਚਾਕਰ ਕੀਤਾ ਨੇ,

ਇਕਲਾਪੇ ਨੂੰ 'ਆਤਿਸ਼' ਲਾ ਕੇ ਅਕੜੇ ਸਿਰ ਨੀਵਾਣੇ ਨੇ ।

📝 ਸੋਧ ਲਈ ਭੇਜੋ