ਹਾਂ ਤੁਸੀਂ?
ਅਸੀਂ ਕਾਰਾਂ ਦੇ ਸਿਰਜਣਹਾਰੇ
ਪਰ ਸੜਕ ਦੇ ਧੂੜ ਬੰਨੇ
ਪੈਦਲ ਚੱਲਦੇ ਹਾਂ
ਸਾਡੇ ਹੱਥਾਂ ਫਰਿੱਜ ਬਣਾਏ ਨੇ
ਸਾਡੇ ਹੱਥਾਂ ਤੇ ਬਾਸੀ ਰੋਟੀ ਹੈ.........
ਮੈਂ ਸਮਝ ਗਿਆ
ਇਕ ਕਤਾਰ ਵਿਚ ਖੜ੍ਹ ਜਾਓ
ਤੇ ਤੁਸੀਂ?
ਅਸੀਂ ਸਫਾਈ ਕਰਦੇ ਹਾਂ
ਖੁਦ ਕੁਥਰੇ ਵੱਜਦੇ ਹਾਂ
ਸਾਨੂੰ ਦੇਖਕੇ ਨੱਕ ਚੜ੍ਹਦੇ ਹਨ
ਪੱਲੇ ਜੂਠ ਪੈਂਦੀ ਹੈ.......
ਮੈਂ ਸਮਝ ਗਿਆ
ਇਸੇ ਕਤਾਰ ਵਿਚ ਖੜ੍ਹ ਜਾਓ
ਹਾਂ ਤੁਸੀਂ?
ਅਸੀਂ ਖੇਤਾਂ ਵਿਚ ਹਰੇ ਇਨਕਲਾਬ ਕੀਤੇ ਹਨ
ਚਿਹਰਿਆਂ ਤੇ ਪੀਲੇ ਇਨਕਲਾਬ ਹੋਏ ਹਨ
ਵਿਹੜਿਆਂ ਵਿਚ ਭੰਗ ਭੁੱਜਦੀ ਹੈ
ਹਾੜ੍ਹਾਂ ਵਿਚ ਹਾੜ੍ਹ ਹੰਢਾਉਂਦੇ ਹਾਂ
ਸਿਆਲਾਂ ਵਿਚ ਸਿਆਲ ਹੰਢਾਉਂਦੇ ਹਾਂ
ਬਸ ਬਸ........ਸਮਝ ਗਿਆ
ਇਸੇ ਕਤਾਰ ਵਿਚ ਖੜ੍ਹ ਜਾਓ
ਤੇ ਤੁਸੀਂ?
ਅਸੀਂ ਭਾਰਤ ਮਾਂ ਦੇ ਰਖਵਾਲੇ
ਕਿਸ ਬਣਾਏ?
ਭੁੱਖ ਨੰਗ ਨੇ.......
ਤੇ ਤੁਹਾਡੀ ਮਾਂ?
ਪਈ ਭਾਂਡੇ ਮਾਂਜੇ
ਲੀਰਾਂ ਗੰਢੇ........
ਤੇ ਤੁਹਾਥੋਂ ਬਾਅਦ?
ਪੰਦਰਾਂ ਰੁਪਏ ਪੈਨਸ਼ਨ
ਸਾਡੀ ਮਾਂ ਦੀ ਰਾਖੀ ਕਰੇਗੀ ।
ਬਸ ਤੁਸੀਂ ਵੀ
ਇਸੇ ਕਤਾਰ ਵਿਚ ਖੜ੍ਹ ਜਾਓ
ਹਾਂ ਤੁਸੀਂ?
ਅਸੀਂ ਬੁੱਧੀ-ਜੀਵੀ
ਰੋਟੀ ਤਾਂ ਮਿਲਦੀ
ਪਰ ਹੱਥ ਬੰਨ੍ਹਾ ਕੇ
ਹਾੜ੍ਹੇ ਕਢਾ ਕੇ
ਸੋਚ ਦਬਾ ਕੇ ਝੂਠ ਬੁਲਾਕੇ
ਫਿਰ ਤਾਂ ਤੁਸੀਂ ਵੀ
ਇਸੇ ਕਤਾਰ ਵਿੱਚ ਖੜ੍ਹ ਜਾਓ
ਜਕਦੇ ਕਿਉਂ ਹੋ?
ਅੱਛਾ.....ਸੋਚ ਲਵੋ....ਫਿਰ ਆ ਜਾਣਾ
ਹੁਣ ਦੱਸੋ ਤੁਸੀਂ?
ਤੇ ਇਹ ਫਾਈਲਾਂ?
ਅਸੀਂ ਬੀ.ਏ. ਕੀਤੀ
ਅਸੀਂ ਐੱਮ.ਏ. ਕੀਤੀ
ਇੰਜਨੀਅਰਿੰਗ ਕੀਤੀ
ਆਹ ਕਾਗਜਾਂ ਦਾ ਥੱਬਾ
ਸਾਡੇ ਹਿੱਸੇ ਆਇਆ
ਰੁਜ਼ਗਾਰ ਦਫ਼ਤਰ ਵਿੱਚ
ਜਾਈਏ ਮੁੜ ਆਈਏ
ਮਾਂ ਗਹਿਣੇ ਵੇਚੇ
ਪਿਓ ਕਰਜ਼ੇ ਚੁੱਕੇ
ਬਸ ਹੋਰ ਕੀ ਕਹੀਏ!
ਇਕ ਮਰਨ ਨਹੀਂ ਹੁੰਦਾ ।
ਤੁਹਾਡਾ ਹੀ ਇੰਤਜ਼ਾਰ ਸੀ
ਤੁਸੀਂ ਵੀ ਇੱਕ ਇੱਕ ਕਰਕੇ
ਇਸੇ ਕਤਾਰ ਵਿਚ ਲੱਗ ਜਾਓ
ਤੁਹਾਨੂੰ ਸਭ ਨੂੰ ਇੱਕ ਹੀ ਰੋਗ ਹੈ
ਸਭ ਦੇ ਸਰੀਰਾਂ 'ਚ ਓਹੀ ਰੋਗਾਣੂ
ਤੇ ਮੈਂ ਵੀ ਕੋਈ ਵੈਦ ਨਹੀਂ ਹਾਂ
ਸਗੋਂ ਮਰੀਜ਼ ਹਾਂ ਇਸੇ ਮਰਜ਼ ਦਾ ।
ਆਓ ਫਿਰ ਅੱਗੇ ਵਧੀਏ
ਸ਼ੱਤਰੂ ਨੂੰ ਲੱਭੀਏ
ਹੱਥਾਂ 'ਚ ਕੁੱਝ ਲੈ ਕੇ ਚੱਲੀਏ
ਤੇ ਮੈਂ ਵੀ
ਇਸੇ ਕਤਾਰ 'ਚ ਲੱਗ ਜਾਂਦਾ ਹਾਂ ।