ਇੱਕ ਕਵਿਤਾ ਉਸ ਰੱਬ ਦੇ ਨਾਂ ਜਿਹੀ,
ਇਕ ਕਵਿਤਾ ਮੇਰੀ ਪਿਆਰੀ ਮਾਂ ਜਿਹੀ।
ਚਿੱਤ ਕਰਦਾ ਮੈਂ ਹੁਣੇ ਬਣਾਵਾਂ,
ਸੋਹਣੇ ਸੋਹਣੇ ਸਬਦ ਸਜਾਵਾਂ।
ਇੱਕ ਕਵਿਤਾ ਮੇਰੀ ਭੈਣਾਂ ਵਰਗੀ,
ਭਿੱਜੇ ਸਿੱਲੇ ਨੈਣਾਂ ਵਰਗੀ।
ਵੀਰ ਉਡੀਕਣ, ਸੋਚਣ ਬੋਲੇ,
ਕਾਗ ਜਿਥੇ ਉਸ ਸੋਹਣੀ ਥਾਂ ਜਿਹੀ।
ਚਿੱਤ ਕਰਦਾ, ਮੈਂ ਹੁਣੇ ਬਣਾਵਾਂ...
ਇੱਕ ਬਾਪੂ ਦੇ ਪਗ ਦੇ ਰੰਗ ਜਿਹੀ,
ਜੀਵਨ ਜਾਚ ਤੇ ਵੱਖਰੇ ਢੰਗ ਜਿਹੀ।
ਮੇਰੇ ਨਾਲ ਜੁੜੀ ਘਰ ਛੱਡਕੇ,
ਉਸਦੀ ਸੰਗ, ਉਹਦੀ ਰੰਗਲੀ ਵੰਗ ਜਿਹੀ।
ਚਿਤ ਕਰਦਾ ਮੈਂ ਹੁਣੇ ਬਣਾਵਾਂ...
ਉਸ ਵਰਗੀ ਜੋ ਚੋਰੀ ਤੱਕੇ,
ਦਿਲ ਦੇ ਸਾਰੇ ਭੇਦ ਵੀ ਦੱਸੇ।
ਦਿਲ ਤੇ ਪਥਰ ਦੀਦ ਨੂੰ ਚੱਖੇ,
ਨਾ ਸਮਝੇ ਮੈਂ ਲੱਖ ਸਮਝਾਵਾਂ।
ਚਿਤ ਕਰਦਾ ਮੈਂ ਹੁਣੇ ਬਣਾਵਾਂ...
ਜਾਂ ਕਵਿਤਾ ਕਿਸੇ ਚੁੱਪ ਦੇ ਵਰਗੀ,
ਸੁੱਕੇ ਜਿਹੇ ਕਿਸੇ ਰੁੱਖ ਦੇ ਵਰਗੀ।
ਬੰਜਰ ਜਿਹੀ ਕੁੱਖ ਦੇ ਵਰਗੀ,
ਜਾਂ ਕਿਰਤੀ ਦੇ ਦੁੱਖ ਦੇ ਵਰਗੀ।
ਐ ਪਰ ਕਿਥੋਂ ਸਬਦ ਲਿਆਵਾਂ,
ਭਰਿਆ ਗਲਾ ਮੈਂ ਕਿਵੇਂ ਸੁਕਾਵਾਂ।
ਦਿਲ ਕਰਦਾ ਮੈਂ ਹੁਣੇ ਬਣਾਵਾਂ,
ਇੱਕ ਕਵਿਤਾ ਉਸ ਰੱਬ ਦੇ ਨਾਂ ਜਿਹੀ,
ਇਕ ਕਵਿਤਾ ਮੇਰੀ ਪਿਆਰੀ ਮਾਂ ਜਿਹੀ।