ਬੀਤ ਚੁੱਕੇ ਦੇ ਨ੍ਹੇਰੇ ਸਾਗਰ ਵਿਚ
ਹੋਰ ਇਕ ਦਿਨ ਦੀ ਰੋਸ਼ਨੀ ਗਰਕੀ,
ਮੱਛੀ ਦੇ ਵਾਂਗ ਤਿਲ੍ਹਕਦੀ ਹੱਥੋਂ
ਹੋਰ ਇਕ ਪੈਰ ਜ਼ਿੰਦਗੀ ਸਰਕੀ।
‘ਹੋਰ ਕੁਝ ਚਿਰ ਅਜੇ ਠਹਿਰ ਜਾਈਏ
ਸ਼ੈਦ ਰਾਹ ਚੋਂ ਪਹਾੜ ਹਟ ਜਾਏ,
ਨਿਖਰ ਜਾਵਣ ਦੁਮੇਲ ਪ੍ਰੀਤਾਂ ਦੇ,
ਸ਼ੈਦ ਫ਼ਿਕਰਾਂ ਦੀ ਧੁੰਦ ਛਟ ਜਾਏ।
ਦੇਵ ਪਰੀਆਂ ਦੇ ਸਵਰਣ-ਮਹਿਲਾਂ ਦੀ
ਜਾਦੂ-ਬਾਰੀ ਦੇ ਵਿਚ ਬਹਿੰਦੀ ਏਂ
ਤੂੰ ਅਜੇ ਜਿੰਦਗੀ ਨਹੀਂ ਦੇਖੀ
ਤੂੰ ਅਜੇ ਸੁਪਨਿਆਂ ’ਚ ਰਹਿੰਦੀ ਏਂ।
ਜਿਸ ਘੜੀ ਦੀ ਉਮੀਦ ਹੈ ਤੈਨੂੰ
ਉਸ ਘੜੀ ਨੇ ਕਦੀ ਨਹੀਂ ਹੋਣਾ
ਇਸ਼ਕ ਨੂੰ ਮੁਲਤਵੀ ਤਾਂ ਕਰ ਦਈਏ
ਮੌਤ ਨੇ ਮੁਲਤਵੀ ਨਹੀਂ ਹੋਣਾ।