ਇਕ ਮਾਂ ਦੇ ਪੁੱਤ

ਅਸੀਂ ਇਕ ਮਾਂ ਦੇ ਪੁੱਤਰ

ਫਿਰ ਕਿਉਂ ਗੈਰਾਂ ਦੇ ਕਹਿਣ ਤੇ

ਸ਼ਕੇ ਭਾਈਆਂ ਤੋਂ ਵੱਖ ਰਹਿਣ ਲਈ

ਲਾਂਬੂ ਆਪਣੇ ਨੂੰ ਲੈ ਬੈਠੇ ।

ਦਿਲਾਂ ਵਿਚ ਦਰਾਰਾਂ ਪਾ ਬੈਠੇ ।

ਫਿਰ ਕਿਉਂ ,

ਆਪਣੇ ਭਾਈਆਂ ਨਾਲ ਲੱੜ ਗਏ ।

ਕੱਤਲ ਆਪਣਿਆਂ ਦਾ ਕਰ ਗਏ ।

ਫਿਰ ਕਿਉਂ ,

ਲੱਖਾਂ ਸੁਹਾਗਣਾਂ ਦੇ ਸੁਹਾਗ ਉਜਾੜ ਗਏ ।

ਲੱਖਾਂ ਮਾਵਾਂ ਦੇ ਪੁੱਤ ਮਾਰ ਗਏ ।

ਧੀਆਂ ਭੈਣਾਂ ਦੇ ਕੱਪੜੇ ਫਾੜ੍ਹ ਗਏ ।

ਅਸੀਂ ਇਕ ਮਾਂ ਦੇ ਪੁੱਤਰ

ਫਿਰ ਕਿਉਂ

ਡਾਕਾ ਆਪਣੇ ਹੀ ਘਰ ਲਾਇਆ ਏ ।

ਮਸ਼ੂਮ ਜਾਨਾ ਨੂੰ ਯਤੀਮ ਬਣਾਇਆ ਏ ।

ਅਸੀਂ ਇਕ ਮਾਂ ਦੇ ਪੁੱਤਰ

ਫਿਰ ਕਿਉਂ

ਧਰਤੀ ਮਾਂ ਦੇ ਟੋਟੇ ਟੋਟੇ ਕੀਤੇ ।

ਖੁਸ਼ੀਆਂ ਖੋਹ ਖੋਹ ਦੁੱਖ ਮੋਟੇ ਕੀਤੇ ।

ਹੱਸਦੇ ਵਸਦੇ ਘਰ ਉੱਜੜ ਦਿੱਤੇ ।

ਰਿਸ਼ਤੇ ਨਫ਼ਰਤ ਦੀ ਅੱਗ ਵਿਚ ਸਾੜ ਦਿੱਤੇ ।

ਸਭ ਕੁੱਝ ਵੰਡਿਆ ਗਿਆ ।

ਪਰ ਵੰਡ ਨਾ ਪਾਏ

ਵਹਿੰਦੀਆਂ ਹਵਾਵਾਂ ਨੂੰ ।

ਸਰ ਸਰ ਵਹਿੰਦੇ ਦਰਿਆਵਾਂ ਨੂੰ ।

ਅਸੀਂ ਸਭ ਕੁੱਝ ਵੰਡ ਲਿਆ ।

ਹੱਥ ਲਹੂ ਨਾਲ ਰੰਗ ਲਿਆ ।

ਫਿਰ ਕਿਉਂ

ਵੰਡ ਨਹੀਂ ਪਾਏ ਸੂਰਜ ਦੀ ਧੁੱਪ ਨੂੰ ।

ਕਾਲੀਆਂ ਰਾਤਾਂ ਦੀ ਚੁੱਪ ਨੂੰ ।

ਅਸੀਂ ਇਕ ਮਾਂ ਦੇ ਪੁੱਤਰ

ਗੁਲਾਮ ਹੋਏ ਤਾਂ ਇਕ ਸੀ ।

ਲੱਖਾਂ ਦੁੱਖ ਸਹੇ ਤਾਂ ਇਕ ਸੀ ।

ਸ਼ਹੀਦ ਹੋਏ ਤਾਂ ਵੀ ਇਕ ਸੀ ।

ਗੁਲਾਮੀ ਦੀ ਲੰਬੀ ਕਾਲੀ ਹਨ੍ਹੇਰੀ ਰਾਤ ਪਿੱਛੋਂ

ਅਜ਼ਾਦੀ ਦੀ ਨਵੀਂ ਕਿਰਨ

ਪਿਆਰ ਦਿਲਾਂ ਤੋਂ ਲੁੱਟ ਗਈ ।

ਕੌੜੀ ਵੇਲ੍ਹ ਦਿਲਾਂ 'ਚ ਸੁੱਟ ਗਈ ।

ਜਾਂ ਸ਼ਰਮ ਹਯਾ ਦਿਲਾਂ ਤੋਂ ਮੁੱਕ ਗਈ ।

ਹੱਦਾਂ ਬਣ ਗਈਆਂ ।

ਸਰਹੱਦਾਂ ਬਣ ਗਈਆਂ ।

ਫਿਰ ਕਿਉਂ ,

ਪੰਛੀਆਂ ਲਈ ਕੋਈ ਹੱਦ ਨਹੀਂ ।

ਰੁੱਤਾਂ ਲਈ ਕੋਈ ਸਰਹੱਦ ਨਹੀਂ ।

ਅਸੀਂ ਦਿਲਾਂ ਵਿਚ ਹੱਦਾਂ ਬਣਾ ਸਕਦੇ ਹਾਂ ।

ਧਰਤੀ ਤੇ ਲਕੀਰਾਂ ਲਾ ਸਕਦੇ ਹਾਂ ।

ਆਪਣੀ ਹੱਦ ਤੇ ਤਾਰ ਲਾ ਸਕਦੇ ਹਾਂ

ਪਰ ਸਾਡੀ ਕੁਦਰੱਤ ਇਕ ਹੈ ।

ਸਾਡੀ ਧਰਤੀ ਇਕ ਹੈ ।

ਸਾਡਾ ਜਨਮਦਾਤਾ ਇਕ ਹੈ ।

ਸਾਡਾ ਸੂਰਜ ਚੰਨ ਇਕ ਹੈ ।

ਸਾਡੀ ਹਵਾ ਇਕ ਹੈ ।

ਇਸ ਲਈ ਅਸੀਂ ਸਭ ਇਕ ਹਾਂ ।

ਇਕ ਮਾਂ ਦੇ ਪੁੱਤਰ

ਅਸੀਂ ਸਭ ਇਕ ਹਾਂ ।

📝 ਸੋਧ ਲਈ ਭੇਜੋ