ਹਰ ਦਮ ਸਾਹ ਊਣੇ ਹੁੰਦੇ ਨੇ
ਇਕ ਦਿਨ ਅੰਗ-ਵਿਹੂਣੇ ਹੋ ਕੇ ਤੁਰ ਜਾਂਦੇ ਨੇ
ਕੱਚੀ ਮਿਟੀ-ਮੂਰਤ ਵਾਂਗੂੰ ਭੁਰ ਜਾਂਦੇ ਨੇ
ਰਾਹੀ ਤੁਰ ਜਾਂਦੇ ਨੇ,
ਸਾਹੀ ਫ਼ਰਜ਼ ਨਿਭਾ ਦੇਂਦੇ ਨੇ :
ਪਤਨੀ ਹਾਹਾਕਾਰ,
ਅਪਤਨੀ ਸਿਸਕੀ,
ਯਾਰ ਸਿਰਫ਼ ਕੱਚ ਖਣਕਾਉਂਦੇ ਨੇ,
ਅਪਣੇ ਸਾਹਵੇਂ ਖ਼ਾਲੀ ਜਾਮ ਟਿਕਾ ਕੇ,
ਸ਼ਾਇਦ ਕੋਈ ਆਖੇ :
“ਦੁਨੀਆਂ ਵਿਚ ਸਭ ਤੋਂ ਕੌੜਾ ਹੈ ਖ਼ਾਲੀ ਪਿਆਲਾ,
ਆਪਣੀ ਮਰਜ਼ੀ ਕੋਈ ਨਾ ਪੀਵੇ"
ਤੇ, ਦਫ਼ਤਰ ਦੇ ਹਮਜੋਲੀ-
ਇਕ ਮਿਨਟ ਖ਼ਾਮੋਸ਼ੀ ਵਾਲਾ ਨੇਮ ਪਾਲਦੇ :
ਸਾਡਾ ਸਾਥੀ ਚਲਾ ਗਿਆ ਛਾਂਟੀ ਤੋਂ ਪਹਿਲਾਂ
ਮੌਤ ਕੁਵੇਲੇ-
ਉਸ ਦੀ ਖ਼ਾਤਰ, ਸਾਡੀ ਖ਼ਾਤਰ
ਆਓ ਇਕ ਮਿਨਟ ਲਈ ਸੁੰਞਾ ਸੋਗ ਮਨਾਈਏ
ਚੁਪ ਕਰ ਜਾਈਏ ।”