ਇਕ ਨਾ ਇਕ ਦਿਨ ਰਾਜਿਆ ਏਦਾਂ ਹੋਣੀ ਹੈ।
ਸਾਰੀ ਖਲਕਤ ਕੱਠਿਆਂ ਉੱਠ ਖਲੋਣੀ ਹੈ।
ਤੂੰ ਜੋ ਬਣਿਆ ਫਿਰਦੈਂ ਕਾਤਬ ਕਿਸਮਤ ਦਾ,
ਤੇਰੀ ਲਿਖੀ ਇਬਾਰਤ ਇਕ ਦਿਨ ਧੋਣੀ ਹੈ।
ਸਿਰ ਤੇਰੇ ਤੇ ਮੁਕਟ ਬਣੀ, ਜੋ ਸੋਭ ਰਹੀ,
ਗਾਗਰ ਮੇਰੇ ਹੱਕਾਂ ਦੀ, ਮੈਂ ਖੋਹਣੀ ਹੈ।
ਘਰ ਸਾਡੇ ਜਦ ਆਵੇਂ,ਦੱਸ ਕੇ ਆਵੀਂ ਤੂੰ,
ਸਰਦਲ ਉੱਤੇ ਰੱਤ ਜਿਗਰ ਦੀ ਚੋਣੀ ਹੈ।
ਕਲਮ ਜੋ ਕਾਲੇ ਲੇਖ ਹੈ ਲਿਖਦੀ, ਮੁਫਲਿਸ ਦੇ,
ਤਦਬੀਰਾਂ ਨੇ, ਤਕਦੀਰ ਦੇ ਹੱਥੋਂ ਖੋਹਣੀ ਹੈ।