ਇਕ ਪੰਛੀ ਘਾਇਲ

ਨੀਂਦ ਮੇਰੀ ਦੀਆਂ ਪਲਕਾਂ ਬੋਝਲ

ਅੱਥਰੂ ਲਟਕੇ ਹੋਏ ।

ਰਾਤ ਜਿਵੇਂ ਇਕ ਪੰਛੀ ਘਾਇਲ

ਉਡਦਾ ਉਡਦਾ ਰੋਏ ।

ਉਹ ਅੱਥਰੂ ਸਾਡੇ ਤਾਰੇ ਬਣ ਗਏ

ਜਿਹੜੇ ਧਰਤ ਨਾ ਡਿੱਗੇ,

ਉਹ ਹਉਕੇ ਸਾਡੇ ਗੀਤ ਬਣੇ ਨੇ

ਜਿਹੜੇ ਹਿੱਕ ਵਿਚ ਮੋਏ ।

ਰਾਤ-ਕੁੜੀ ਦੇ ਵਾਲ ਨੇ ਬਿਖਰੇ

ਚਾਨਣ ਦੀ ਵੀਣਾ 'ਤੇ

ਬਿਰਹਾ ਜਾਗੇ, ਮਨਵਾ ਗਾਏ,

ਦੋਵੇਂ ਨੇ ਅੱਧਮੋਏ ।

ਸੁੱਤਿਆਂ ਬ੍ਰਿਛਾਂ ਨੂੰ ਨਾ ਛੇੜੀਂ

ਹਉਕੇ-ਲੱਦੀਏ ਵਾਏ ।

ਇਹ ਦਰਵੇਸ਼ਾਂ ਵਾਂਗ ਖੜੋਤੇ

ਪੱਤ ਪੱਤ ਹਿੰਝ ਪਰੋਏ ।

ਪੂਰਨਿਮਾਂ ਦੀ ਰਾਤ ਉਹਨਾਂ ਨੂੰ

ਚੰਨ ਦੇ ਨਾਲ ਲਿਆਵੀਂ,

ਨਜ਼ਰਾਂ ਵਾਂਗ ਅਕਾਸ਼ੀਂ ਭਟਕਣ

ਤਾਰੇ ਖੋਏ ਖੋਏ ।

'ਰਾਤ-ਰਾਣੀ' ਦੇ ਪੱਤਿਆਂ ਵਿਚੋਂ

ਰਿਸ਼ਮਾਂ ਕਿਰ ਕਿਰ ਜਾਵਣ,

ਵਾਲ ਕਿਸੇ ਦੇ ਜਿਉਂ 'ਵਾਵਾਂ ਤੇ

ਮਹਿਕਾਂ ਨੇ ਹਨ ਧੋਏ ।

ਲੋਕੀ ਤਾਂ ਸ਼ਬਦਾਂ ਦੇ ਅਰਥਾਂ

ਤੋਂ ਡੂੰਘਾ ਨਾ ਸੋਚਣ,

ਅਸੀਂ ਤਾਂ ਭਾਵੇਂ ਸਾਰੇ ਨਗ਼ਮੇ

ਪੀੜਾਂ ਵਿਚ ਸਮੋਏ ।

ਨੀਂਦ ਮੇਰੀ ਦੀਆਂ ਪਲਕਾਂ ਮੁੰਦੀਆਂ

ਅੱਥਰੂ ਲਟਕੇ ਹੋਏ ।

ਰਾਤ ਜਿਵੇਂ ਕੋਈ ਪੰਛੀ ਘਾਇਲ

ਉਡਦਾ ਉਡਦਾ ਰੋਏ ।

📝 ਸੋਧ ਲਈ ਭੇਜੋ