ਇੱਕ ਪੰਛੀ ਸੁਰਖ਼ਾਬੀ

ਇੱਕ ਪੰਛੀ ਸੁਰਖ਼ਾਬੀ

ਮੇਰੇ ਦਿਲ ਵਿੱਚ ਆ ਵੱਸਿਆ

ਰੰਗ ਲਾਲ, ‘ਗੁਲਾਬੀ’

ਮੇਰੀ ਰੂਹ ਵਿਚ ਜਾ ਧੱਸਿਆ

ਧੌਣ ਉਹਦੀ ਸੁਰਾਹੀ ਜਿਹੀ

ਚਾਲ ਬੇਪਰਵਾਹੀ ਜਿਹੀ

ਜ਼ੁਲਫਾਂ ਦੇ ਪੇਚ ਪਏ

ਨੂਰ ਮੁੱਖ ਤੇ ਹੈ ਮੱਚਿਆ

ਝੀਲ ਜਹੀਆਂ ਅੱਖੀਆਂ ਨੇ

ਨੀਲ ਕਮਲ ਜਿਉਂ ਰੱਖੀਆਂ ਨੇ

ਬੁੱਲ੍ਹ ਨੇ, ਫੁੱਲ ਪੱਤੀਆਂ

ਖੁਸ਼ਬੂਆਂ ਰੰਗ ਰੱਤੀਆਂ

ਕੱਦ ਸਰੂ ਜਿਹਾ ਸੋਹਣਾ

ਚੰਨ ਚੜ੍ਹਿਆ ਮਨਮੋਹਣਾ

ਮਹਿਕਾਂ ਦੀ ਰਾਣੀ ਹੈ

ਦਿਲਕਸ਼ ਸੁਆਣੀ ਹੈ

ਜਿੱਧਰੋਂ ਦੀ ਲੰਘ ਜਾਵੇ

ਖੁਸ਼ਬੂਆਂ ਵੰਡ ਜਾਵੇ

ਉਹ ਜਦ ਵੀ ਬੋਲ ਪਵੇ

ਮੋਤੀ ਹੀ ਡੋਲ ਦਵੇ

ਬੁੱਲੀਆਂ ਜਾਂ ਹਿੱਲ ਜਾਵਣ

ਕਲੀਆਂ ਹੀ ਖਿੱਲ ਜਾਵਣ

ਦਿਲ ਲੈ ਗਈ ਉਹ ਮੇਰਾ

ਸਖਣਾ ਹੋਇਆ ਡੇਰਾ

ਰਾਤ ਦਿਨ ਦੀ ਖ਼ਬਰ ਨਹੀਂ

ਸਭ ਕੁਝ ਹੈ ਸਬਰ ਨਹੀਂ

ਉਹ ਨਜ਼ਰ ਨਹੀਂ ਆਵੇ

ਰਾਤ ਨੀਂਦ ਨਹੀਂ ਆਵੇ

ਦਿਲ ਨੂੰ ਸਮਝਾ ਬੈਠੋਂ

ਕੀ ਰੋਗ ਲਵਾ ਬੈਠੋਂ

ਕੋਈ ਹਲ ਨਹੀਂ ਚਾਰਾ

ਫਿਰਦਾਂ ਮਾਰਾ ਮਾਰਾ

ਉਹ ਪੰਛੀ ਸੁਰਖ਼ਾਬੀ

ਰੰਗ ਗੂੜ੍ਹਾ ਗੁਲਾਬੀ

ਉਹ ਕਿੱਥੇ ਉਡਰ ਗਿਆ

ਕਿਉਂ ਸਾਨੂੰ ਭੁਲ ਗਿਆ

ਕਦੇ ਸ਼ਹਿਰ ਮੇਰੇ ਆਵੇ

ਐਧਰੋਂ ਵੀ ਉਡ ਜਾਵੇ

ਚੂਰੀ ਖਲਾਂਵਾਂਗੇ,

ਦਿਲ ਨਾਲ ਲਾਵਾਂਗੇ

ਜੇ ਪਰਉਪਕਾਰ ਕਰੇ

ਮੁੜ ਆਵੇ ਫੇਰ ਘਰੇ।

📝 ਸੋਧ ਲਈ ਭੇਜੋ