ਇੱਕ ਪੰਜਾਬ ਮੇਰਾ ਉਹ

ਇੱਕ ਪੰਜਾਬ ਮੇਰਾ ਉਹ, ਜਿੱਥੇ ਰੱਬ ਵੱਸਦਾ ਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਸ਼ੈਤਾਨ ਹੱਸਦਾ ਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਹਰਿਆਲੀ ਭੰਗੜਾ ਪਾਉਂਦੀ ਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਕਰਜ਼ਾ ਫਾਂਸੀ ਲਾਉਂਦੀ ਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਨਲੂਏ ਜਿਹੇ ਸਰਦਾਰ ਹੋਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਚਿੱਟੇ ਦੇ ਗੱਭਰੂ ਸ਼ਿਕਾਰ ਹੋਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਗੁਰੂ ਪੀਰ ਪੈਗੰਬਰ ਹੋਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਜਾਅਲੀ ਬਾਬੇ ਲੰਡਰ ਹੋਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਵਾਰਿਸ ਸ਼ਾਹ ਬੁੱਲ੍ਹੇ ਸ਼ਾਹ ਹੋਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਚਿੱਟੇ ਹਥਿਆਰ ਵਾਲੇ ਲਿਖਾਰ ਹੋਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਹੀਰ ਰਾਂਝਾ ਮਿਰਜ਼ਾ ਸਾਹਿਬਾ ਹੋਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਆਸ਼ਕ ਲੀਰੋ ਲੀਰ ਬੇਇਮਾਨ ਹੋਏ...

ਇੱਕ ਪੰਜਾਬ ਮੇਰਾ ਉਹ, ਜਿਹਨੇ ਵਿਸਾਖੀ ਆਪਣੇ ਦਿਲੇ ਲਾਈ...

ਇੱਕ ਪੰਜਾਬ ਮੇਰਾ ਉਹ, ਜਿਹਨੇ ਚੁਰਾਸੀ ਆਪਣੇ ਪਿੰਡੇ ਹੰਡਾਈ...

ਇੱਕ ਪੰਜਾਬ ਮੇਰਾ ਉਹ, ਜੋ ਸੋਨੇ ਦੀ ਚਿੜ੍ਹੀ ਸੀ...

ਇੱਕ ਪੰਜਾਬ ਮੇਰਾ ਉਹ, ਜਿੱਥੇ ਮੁਕਾ 'ਤੀ ਇੱਕ ਪੀੜ੍ਹੀ ਸੀ...

ਇੱਕ ਪੰਜਾਬ ਮੇਰਾ ਉਹ, ਜਿੱਥੇ ਭਗਤ ਊਧਮ ਜਿਹੇ ਕੁਰਬਾਨ ਹੋਏ...

ਇੱਕ ਪੰਜਾਬ ਮੇਰਾ ਉਹ, ਜਿੱਥੇ ਦੇਸ਼ ਮੇਰੇ ਦੇ ਗ਼ੱਦਾਰ ਹੋਏ...

ਸ਼ੈਰੀ ਲਿਖੇ ਦੱਸ ਕੀ, ਮੇਰੇ ਸੋਹਣੇ ਦੇਸ਼ ਪੰਜਾਬ ਬਾਰੇ...

ਕਿਹੜੇ ਪੰਜਾਬ ਵਿਚ ਰਹਿਣਾ, ਸੋਚ ਲੋ ਤੁਸੀਂ ਪੰਜਾਬੀ ਸਾਰੇ ...

📝 ਸੋਧ ਲਈ ਭੇਜੋ