ਸੁਪਨਿਆਂ ਦੇ ਆਲ੍ਹਣੇ ਵਿਚ
ਰਾਤ ਭਰ ਕੋਈ ਰਹਿ ਗਿਆ
ਗੱਲ ਸੀ ਨਿਰਵਾਨ ਦੀ
ਪਰ ਜਿਸਮ ਖ਼ਾਕੀ ਕਹਿ ਗਿਆ ।
ਅਦਬ ਅੱਖੀਆਂ ਦਾ ਅਸੀਂ
ਕਦਮਾਂ ਦੇ ਵਿਚ ਧਰਦੇ ਰਹੇ
ਰਾਤ ਦੀ ਦਹਲੀਜ਼ ਤੇ
ਤਾਰੇ ਦੁਆ ਕਰਦੇ ਰਹੇ ।
ਸਾਹ ਕਿਸੇ ਦਾ ਪਰਸ ਕੇ
ਹਰ ਸਾਹ ਜਦੋਂ ਲੰਘਦਾ ਰਿਹਾ
ਪਤਝੜਾਂ ਦੀ ਜ਼ੁਲਫ਼ ਵਿਚ
ਕਲੀਆਂ ਕੋਈ ਟੁੰਗਦਾ ਰਿਹਾ ।
ਚੰਨ ਦਾ ਇਕ ਜਾਮ, ਸੋਹਣੀ
ਰਾਤ ਨੇ ਭਰਿਆ ਜਦੋਂ
ਉਮਰ ਦਾ ਮੋਤੀ ਕਿਸੇ ਨੇ
ਵਾਰਿਆ ਇਕ ਨਜ਼ਰ ਤੋਂ ।
ਜਗਮਗਾਂਦੇ ਦੀਵਿਆਂ ਦਾ
ਕਾਫ਼ਲਾ ਲੰਘਦਾ ਰਿਹਾ
ਕੌਲ ਕਈ ਦੇਂਦਾ ਰਿਹਾ
ਤੇ ਕੌਲ ਕਈ ਮੰਗਦਾ ਰਿਹਾ ।
ਨਜ਼ਰ ਦਾ ਦਰਿਆ ਤੇ ਜਿੰਦੜੀ
ਰਾਤ ਭਰ ਤਰਦੀ ਰਹੀ
ਦੀਨ ਦਾ ਸੀ ਜ਼ਿਕਰ, ਦੁਨੀਆਂ
ਰਾਤ ਭਰ ਕਰਦੀ ਰਹੀ ।