ਇਕ ਸਾਹ ਸੱਜਣਾਂ ਦਾ

ਇਕ ਸਾਹ ਸੱਜਣਾਂ ਦਾ

ਇਕ ਸਾਹ ਮੇਰਾ

ਕਿਹੜੀ ਥਾਂ ਧਰਤੀ ਉੱਤੇ ਬੀਜੀਏ ਨੀ ਮਾਂ ।

ਗਹਿਣੇ ਤਾਂ ਪਈ ਊ ਸਾਡੇ

ਦਿਲੇ ਦੀ ਧਰਤੀ

ਹੋਰ ਮਾਏ ਜੱਚਦੀ ਕੋਈ ਨਾ ।

ਜੇ ਮੈਂ ਬੀਜਾਂ ਮਾਏ

ਤਾਰਿਆਂ ਦੇ ਨੇੜੇ-ਨੇੜੇ

ਰੱਬ ਦੀ ਮੈਂ ਜ਼ਾਤ ਤੋਂ ਡਰਾਂ

ਜੇ ਮੈਂ ਬੀਜਾਂ ਮਾਏ

ਸ਼ਰ੍ਹਾਂ ਦੀਆਂ ਢੱਕੀਆਂ 'ਤੇ

ਤਾਅਨਾ ਮਾਰੂ ਸਾਰਾ ਨੀ ਗਰਾਂ ।

ਜੇ ਮੈਂ ਬੀਜਾਂ ਮਾਏ

ਮਹਿਲਾਂ ਦੀਆਂ ਟੀਸੀਆਂ 'ਤੇ

ਅੱਥਰੇ ਤਾਂ ਮਹਿਲਾਂ ਦੇ ਨੀ ਕਾਂ

ਜੇ ਮੈਂ ਬੀਜਾਂ ਮਾਏ

ਝੁੱਗੀਆਂ ਦੇ ਵਿਹਰੜੇ

ਮਿੱਧੇ ਨੀ ਮੈਂ ਜਾਣ ਤੋਂ ਡਰਾਂ ।

ਮਹਿੰਗੇ ਤਾਂ ਸਾਹ ਸਾਡੇ

ਸੱਜਣਾਂ ਦੇ ਸਾਡੇ ਕੋਲੋਂ

ਕਿੱਦਾਂ ਦਿਆਂ ਬੀਜ ਨੀ ਕੁਥਾਂ

ਇਕ ਸਾਡੀ ਲੱਦ ਗਈ ਊ

ਰੁੱਤ ਨੀ ਜਵਾਨੀਆਂ ਦੀ

ਹੋਰ ਰੁੱਤ ਜੱਚਦੀ ਕੋਈ ਨਾ ।

ਜੇ ਮੈਂ ਬੀਜਾਂ ਮਾਏ

ਰੁੱਤ ਨੀ ਬਹਾਰ ਦੀ 'ਚ

ਮਹਿਕਾਂ ਵਿਚ ਡੁੱਬ ਕੇ ਮਰਾਂ

ਚੱਟ ਲੈਣ ਭੌਰ ਜੇ

ਪਰਾਗ ਮਾਏ ਬੂਥੀਆਂ ਤੋਂ

ਮੈਂ ਨਾ ਕਿਸੇ ਕੰਮ ਦੀ ਰਵ੍ਹਾਂ ।

ਜੇ ਮੈਂ ਬੀਜਾਂ ਮਾਏ

ਸਾਉਣ ਦੀਆਂ ਭੂਰਾਂ ਵਿਚ

ਮੰਦੀ ਲੱਗੇ ਬਦਲਾਂ ਦੀ ਛਾਂ

ਜੇ ਮੈਂ ਬੀਜਾਂ ਮਾਏ

ਪੋਹ ਦਿਆਂ ਕੱਕਰਾਂ 'ਚ

ਨੇੜੇ ਤਾਂ ਸੁਣੀਦੀ ਊ ਖ਼ਿਜ਼ਾਂ ।

ਮਾਏ ਸਾਡੇ ਨੈਣਾਂ ਦੀਆਂ

ਕੱਸੀਆਂ ਦੇ ਥੱਲਿਆਂ 'ਚ

ਲੱਭੇ ਕਿਤੇ ਪਾਣੀ ਦਾ ਨਾਂ

ਤੱਤੀ ਤਾਂ ਸੁਣੀਂਦੀ ਬਹੁੰ

ਰੁੱਤ ਨੀ ਹੁਨਾਲਿਆਂ ਦੀ

ਦੁੱਖਾਂ ਵਿਚ ਫਾਥੀ ਊ ਨੀ ਜਾਂ ।

ਇਕ ਸਾਹ ਸੱਜਣਾਂ ਦਾ

ਇਕ ਸਾਹ ਮੇਰਾ

ਕਿਹੜੀ ਥਾਂ ਧਰਤੀ ਉੱਤੇ ਬੀਜੀਏ ਨੀ ਮਾਂ ।

ਗਹਿਣੇ ਤਾਂ ਪਈ ਊ ਸਾਡੇ

ਦਿਲੇ ਦੀ ਧਰਤੀ

ਹੋਰ ਮਾਏ ਜੱਚਦੀ ਕੋਈ ਨਾ ।

📝 ਸੋਧ ਲਈ ਭੇਜੋ