ਇਕ ਤਟਵਰਤੀ ਸ਼ਹਿਰ ਵਿਚ ਭੜਕ ਪਈ ਜਦ ਅੱਗ,
ਸਾਗਰ ਭਾਂਬੜ ਦੇਖ ਕੇ ਹੋ ਗਿਆ ਝੱਗੋ ਝੱਗ।
ਜਦ ਕੰਨਾਂ ਨੂੰ ਕੀਲਦੀ ਝਾਂਜਰ ਦੀ ਛਣਕਾਰ,
ਪੈਰਾਂ ਉੱਤੇ ਡਿੱਗਦੀ ਸ਼ਮਲੇ ਵਾਲੀ ਪੱਗ ।
ਦਿਨ ਭਰ ਹੁੰਦਾ ਓਪਰਾ ਦਫ਼ਤਰ ਵਿਚ ਸਰੀਰ,
ਸ਼ਾਮੀਂ ਠੇਕੇ ਜਾਪਦਾ ਆਪਣਾ ਸਾਰਾ ਜੱਗ।
ਇਕ ਦੂਜੇ ਦੇ ਵਾਸਤੇ ਰਹਿੰਦੀ ਕਿੰਨੀ ਖਿੱਚ,
ਇਕ ਦੂਜੇ ਤੋਂ ਦੇਖੀਏ ਰਹਿ ਕੇ ਰਤਾ ਅਲੱਗ।
ਕੱਲੀ ਕਾਰੀ ਭਟਕਦੀ ਕੀ ਖੱਟਿਆ ਹੈ ਸੋਚ,
ਅਜੇ ਵੀ ਅਕਲੇ ਕਮਲੀਏ ਦਿਲ ਦੇ ਪਿੱਛੇ ਲੱਗ।
ਸ਼ਹਿਰ ਬਨਾਰਸ ਹੋ ਗਿਆ ਐਵੇਂ ਹੀ ਬਦਨਾਮ,
ਤੱਕੋ ਆਪਣੇ ਆਪ ਵਿਚ ਕੌਣ ਨਹੀਂ ਹੈ ਠੱਗ।
ਅਜ ਫਿਰ ਸੈਦੇ ਨਾਲ ਹੀ ਤੁਰ ਜਾਣੀ ਹੈ ਹੀਰ
ਅਜ ਫਿਰ ਧੀਦੋ ਚਾਰਦਾ ਰਹਿ ਜਾਏਗਾ ਵੱਗ।