ਇਕ ਵਾਰੀ ਉਠ ਬਹੁ

ਇਕ ਵਾਰੀ ਉਠ ਬਹੁ ਵੇ, ਹੀਰਿਆ, 

ਮੈਂ ਸਦਕੇ, ਮੈਂ ਵਾਰੀ ।

ਤੇਰਾ ਰਾਹ ਨਾ ਰੋਕਾਂ ਵੇ, ਹੀਰਿਆ, 

ਮੈਂ ਤੇਰੇ ਸੰਗ ਨ ਜਾਣਾ

ਮੇਰੇ ਬੜੇ ਖਲੇਰੇ ਵੇ, ਹੀਰਿਆ, 

ਗੁੰਝਲਾਂ 'ਚ ਪੇਟਾ ਤਾਣਾ

ਮੇਰਾ ਤਰਲਾ, ਦੇ ਜਾ ਵੇ, ਹੀਰਿਆ, 

ਇਕ ਅਧ ਗੱਲ ਉਧਾਰੀ ;

ਕਰ ਏਡ ਨ ਕਾਹਲੀ ਵੇ, ਹੀਰਿਆ, 

ਮੈਂ ਸਦਕੇ, ਮੈਂ ਵਾਰੀ ।

ਸਾਡਾ ਸਾਥ ਚਿਰਾਕਾ ਵੇ, ਹੀਰਿਆ, 

ਪਰ ਜਾਂਦੇ ਸਭ ਕੱਲੇ

ਜਰ ਜਾਊਂ ਵਿਛੋੜਾ ਵੇ, ਹੀਰਿਆ,

ਦੇਹ ਸਦਾ ਸਭ ਝੱਲੇ

ਕੀ ਉਮਰ ਦੀ ਮਿਹਨਤ ਦਾ, ਹੀਰਿਆ, 

ਮੁੱਲ ਇਕ ਗੱਲ ਵੀ ਭਾਰੀ ; 

ਇੰਜ ਮੋੜ ਨ ਅੱਖੀਆਂ, ਹੀਰਿਆ, 

ਮੈਂ ਸਦਕੇ ਮੈਂ ਵਾਰੀ ।

ਰੁੱਤ ਉਮਰ ਦੀ ਕੌੜੀ ਵੇ, ਹੀਰਿਆ, 

ਰੋ ਰੋ ਅਸਾਂ ਲੰਘਾਈ

ਦੇਹ ਮੁੜਕੇ 'ਚ ਗੁੰਨ੍ਹ ਕੇ ਵੀ, ਹੀਰਿਆ,

ਹੰਝੂ ਸਾਡ ਕਮਾਈ

ਅੱਜ ਹੰਝੂ ਨ ਨੈਣੀਂ ਵੇ, ਹੀਰਿਆ, 

ਨੈਣੀਂ ਅੱਜ ਚਿੰਗਿਆੜੀ ;

ਸਾਨੂੰ ਇਕ ਗੱਲ ਦਸੇ ਜਾ ਵੇ, ਹੀਰਿਆ, 

ਮੈਂ ਸਦਕੇ ਮੈਂ ਵਾਰੀ ।

ਮੈਂ ਇਹ ਨਾ ਪੁੱਛਦੀ ਵੇ, ਹੀਰਿਆ,

ਕਿੰਜ ਇਹ ਭਾਣਾ ਹੋਇਆ ?

ਤੇਰੇ ਕਿਹੜੇ ਵੈਰੀ ਵੇ, ਹੀਰਿਆ,

ਬਰਛੇ 'ਚ ਬੁੱਤ ਪਰੋਇਆ ? 

ਤੇਰੀ ਰੁੱਤ 'ਚ ਰੰਗੀ ਵੇ, ਹੀਰਿਆ, 

ਕਿੱਥੇ ਕਿੱਥੇ ਭੋਂ ਦੁਖਿਆਰੀ ; 

ਮੇਰੀ ਅਰਜ ਨਗੂਣੀ ਵੇ, ਹੀਰਿਆ, 

ਮੈਂ ਸਦਕੇ ਮੈਂ ਵਾਰੀ ।

ਮੈਂ ਸਭ ਕੁਝ ਜਾਣਾਂ ਵੇ ਹੀਰਿਆ, 

ਹੋਣੀ ’ਚਰਜ ਨ ਹੋਈ

ਸਾਡੇ ਵੈਰ ਕਦੀਮੀ ਵੇ, ਹੀਰਿਆ, 

ਸਭ ਅੰਸਾ ਇੰਜ ਮੋਈ

ਸਾਡੀ ਰਤ ਵਿਚ ਰੰਗੀ ਵੇ, ਹੀਰਿਆ, 

ਭੋਂ ਸਾਰੀ ਦੀ ਸਾਰੀ ;

ਮੇਰੀ ਅਰਜ ਨ ਮੋੜੀਂ ਵੇ, ਹੀਰਿਆ,

ਮੈਂ ਸਦਕੇ ਮੈਂ ਵਾਰੀ ।

ਉਸ ਬਰਛੇ ਤਿੱਖੇ ਦੀ, ਹੀਰਿਆ,

ਕੁਝ ਤਾਂ ਦੱਸ ਨਿਸ਼ਾਨੀ

ਕਿਸ ਜ਼ਹਿਰ ਦਾ ਪੀਤਾ ਵੇ, ਹੀਰਿਆ,

ਫਣ ਉਹਦੇ ਨੇ ਪਾਣੀ

ਰਹੇ ਸਿਰ ਤੇ ਵੈਰੀ ਦੀ, ਹੀਰਿਆ, 

ਇਕ ਨਾ ਮਿਹਰ ਉਧਾਰੀ ;

ਬਸ ਏਨਾ ਹੀ ਦਸ ਜਾ ਵੇ, ਹੀਰਿਆ, 

ਮੈਂ ਸਦਕੇ ਮੈਂ ਵਾਰੀ ।

📝 ਸੋਧ ਲਈ ਭੇਜੋ