ਇਕ ਵਹਿਮ ਨਿਰਾਧਾਰ ਤੋਂ ਡਰ ਲਗਦਾ ਹੈ ।
ਕਿਰਪਾਲ ਨਿਰਾਕਾਰ ਤੋਂ ਡਰ ਲਗਦਾ ਹੈ ।
ਹੱਸੇ ਨ ਕਲੀ ਫੁਲ ਨ ਖਿੜੇ ਹੁਣ ਇਸ ਵਿਚ
ਉਜੜੇ ਹੋਏ ਗੁਲਜ਼ਾਰ ਤੋਂ ਡਰ ਲਗਦਾ ਹੈ ।
ਜੋ ਪਾਲ ਰਿਹੈ ਦਿਲ ‘ਚ ਹਵਸ ਦੇ ਕੀੜੇ
ਉਸ ਪਿਆਰ ਦੇ ਬੀਮਾਰ ਤੋਂ ਡਰ ਲਗਦਾ ਹੈ ।
ਗੁਫ਼ਤਾਰ ਦੇ ਗ਼ਾਜ਼ੀ ਤੇ ਮੈਂ ਹਸ ਛਡਦਾ ਹਾਂ
ਕਿਰਦਾਰ ਦੇ ਮੁਰਦਾਰ ਤੋਂ ਡਰ ਲਗਦਾ ਹੈ ।
ਸ਼ਾਹਾਂ ਦੀ ਵੀ ਪਰਵਾਹ ਨਹੀਂ ਮੈਨੂੰ ਕੋਈ
ਇਕ ਹੁਸਨ ਦੀ ਸਰਕਾਰ ਤੋਂ ਡਰ ਲਗਦਾ ਹੈ ।
ਤੈਨੂੰ ਤੇ ਤਿਰੇ ਗ਼ਮ ਨੂੰ ਭੁਲਾਵਾਂ ਕੀਕਰ
ਤੈਥੋਂ ਤੇ ਤਿਰੇ ਪਿਆਰ ਤੋਂ ਡਰ ਲਗਦਾ ਹੈ ।
ਤਸਵੀਰ ਉਹਦੀ ਤੋਂ ਮੈਂ ਬੜਾ ਬਚਦਾ ਹਾਂ
ਕਿਉਂ ਅਪਣੇ ਹੀ ਦਿਲਦਾਰ ਤੋਂ ਡਰ ਲਗਦਾ ਹੈ ?
ਇਕ ਦੇਵੇ ਗ਼ਰੀਬੀ ਤੇ ਖਰੀਦੇ ਇਕ ਪਿਆਰ
ਭਗਵਾਨ ਤੇ ਜ਼ਰਦਾਰ ਤੋਂ ਡਰ ਲਗਦਾ ਹੈ ।
ਬਿਦ ਬਿਦ ਕੇ ਜੋ ਯਾਰੀ ਦੇ ਲਗਾਉਂਦੈ ਨਅਰੇ
ਮੈਨੂੰ ਤੇ ਉਸੇ ਯਾਰ ਤੋਂ ਡਰ ਲਗਦਾ ਹੈ।
ਜਾਬਰ ਦੀ ਕਿਸੇ ਗਲ ਦਾ ਨਹੀਂ ਡਰ ਮੈਨੂੰ
ਮਜਬੂਰ ਦੀ ਵੰਗਾਰ ਤੋਂ ਡਰ ਲਗਦਾ ਹੈ ।
ਖ਼ੁਦ ਆਪ ਹੀ ਦੁਸ਼ਮਣ ਹੈ ਉਹ ਅਪਣਾ ਜਿਸ ਨੂੰ
‘ਹਮਦਰਦ' ਜਿਹੇ ਯਾਰ ਤੋਂ ਡਰ ਲਗਦਾ ਹੈ ।