ਇਕ ਵੀਰਾਨ ਮਸਜਿਦ ਨੂੰ ਵੇਖ ਕੇ

(1)

ਵੱਗੀ ਵਾ, ਤੇ ਕਬਰਾਂ ਰੁੰਨੀਆਂ ਵੋ 

ਕਿੰਞ ਦਰਦ ਛੁਪਾਉਣ ਵਿਛੁੰਨੀਆਂ ਵੋ।

ਮੈਨੂੰ ਦਿਸਨ ਕਾਫ਼ਲੇ ਰੋਹੀਆਂ ਵਿਚ

ਜਦ ਨਜ਼ਰ ਮਸੀਤਾਂ ਦੀ ਹੁੰਨੀਆਂ ਵੋ।

ਰੁੱਤਾਂ ਸੁੱਕੀਆਂ ਤੇ ਡੋਲਣ ਅੱਕ-ਖੰਭੀਆਂ 

ਲੀਰੋ ਲੀਰ ਉਡੇਂਦੀਆਂ ਚੁੰਨੀਆਂ ਵੋ।

ਸੋਹਣਾ ਸ਼ਹੁ ਸਲਵਾੜਾਂ ਦੇ ਵਿਚ ਰੁਲਿਆ 

ਜਿੰਦਾਂ ਬੈਠ ਪੱਤਣ 'ਤੇ ਭੁੰਨੀਆਂ ਵੋ। 

ਕੋਈ ਪੈੜ ਰੇਤ ਤੋਂ ਡੂੰਘੀ ਹੈ 

ਅਸਾਂ ਨਜ਼ਰਾਂ ਥਲਾਂ ਵਿਚ ਗੁੰਨ੍ਹੀਆਂ ਵੋ। 

ਕੋਈ ਸਬਰ ਫ਼ਕੀਰਾਂ ਵਿਚ ਵਸਦਾ 

ਅੱਕ ਪੀਣ ਹਵਾਵਾਂ ਸੁੰਨੀਆਂ ਵੋ।

(2)

ਬਿਨ ਯਾਰ ਦੁਆਵਾਂ ਬੁੱਢੀਆਂ ਵੋ 

ਕੂੰਜਾਂ ਸਿਖਰ ਦੁਪਹਿਰਾਂ ਨੂੰ ਉੱਡੀਆਂ ਵੋ। 

ਬਿਨ ਯਾਰ ਦੇ ਬਾਹਵਾਂ ਬੁੱਢੀਆਂ ਵੋ 

ਰੁੰਗਾਂ ਪਾਉਂਦੀਆਂ ਰੋ ਰੋ ਲੁੱਡੀਆਂ ਵੋ। 

ਨਾਂਹ ਮਿਰਗ ਚਿਰਾਂ ਦੇ ਰਾਹ ਜਾਣਨ 

ਬਣੇ ਬ੍ਰਿਛ ਪੁਰਾਣੇ ਮੁੱਢੀਆਂ ਵੋ।

ਪੱਕੇ ਪੁਲਾਂ 'ਤੇ ਦੁਆ ਕਰ ਰਾਤਾਂ ਨੂੰ 

ਸੋਹਣੇ ਆਣ ਰੁਆਵਣ ਝੁੱਗੀਆਂ ਵੋ। 

ਡੂੰਘੀ ਕੱਸੀਆਂ ਕਿਨਾਰੇ ਢੋਕਾਂ ਵਿਚ 

ਪਾਣੀ ਪੀਂਦੀਆਂ ਮਾਵਾਂ ਬੁੱਢੀਆਂ ਵੋ।

(3)

ਚੱਕ ਅੰਬਰ ਦਾ ਜਾਨ ਮਲੇ ਪਿਆ 

ਦਿਹੁੰ ਖੇਡਣ ਦਾ ਆਣ ਗਲੇ ਪਿਆ।

ਭੁੱਲੇ ਦੇਸ ਪੁਰਾਣੇ ਬੇਲੀ

ਪੱਤਝੜ ਦਾ ਤੂਫ਼ਾਨ ਰਲੇ ਪਿਆ।

ਸ਼ਾਹ ਪੈਗ਼ੰਬਰ ਪੀਰ ਨੂੰ ਮਿਲ ਲਉ 

ਕਿਤੋਂ ਕਿਤੋਂ ਅਸਮਾਨ ਢਲੇ ਪਿਆ।

ਬੂਹੇ ਖੜੀ ਪੀਰ ਨੂੰ ਵੇਖੇ 

ਚੁੱਕ ਕੇ ਡਾਢਾ ਭਾਰ ਚਲੇ ਪਿਆ। 

ਉਂਝ ਤਾਂ ਯਾਰ ਦੇ ਉਹੀਓ ਪੱਤਣ 

ਦਿਹੁੰ ਦਾ ਪਿਛਲਾ ਪਹਿਰ ਛਲੇ ਪਿਆ। 

ਪੰਜ ਦਰਿਆਵਾਂ ਬਾਝੋਂ ਮਾਹੀ 

ਤਨ ਸੂਲਾਂ ਦੇ ਵਾਂਗ ਜਲੇ ਪਿਆ। 

ਅੰਬਰ ਦੇ ਵਿਚ ਪੀਲਾ ਪੱਤਰ 

ਕਿਉਂ ਕੁਰਲਾ ਕੇ ਆਣ ਥਲੇ ਪਿਆ !

📝 ਸੋਧ ਲਈ ਭੇਜੋ