ਜਦੋਂ ਵੀ ਬਿਲਕੁਲ ਇੱਕਲਾ ਹੁੰਦਾ ਹਾਂ ਮੈਂ 

ਉਦੋਂ ਵੀ ਕਿੱਥੇ ਇੱਕਲਾ ਹੁੰਦਾ ਹਾਂ ਮੈਂ

ਮੇਰੇ ਕੋਲ ਹੁੰਦੇ ਨੇ ਕਿੰਨੇ ਸਾਰੇ ਸ਼ਬਦ 

ਗੁੰਦੇ ਹੋਏ ਵੱਖ ਵੱਖ ਰੂਪਾਂ ਤੇ ਅਕਾਰਾਂ ਵਿਚ 

ਕਿੰਨਾ ਹੀ ਕੁਝ ਕਹਿੰਦੇ ਤੇ ਦੱਸਦੇ 

ਦੇਖਿਆ-ਅਣਦੇਖਿਆ, ਜਾਣਿਆ-ਅਣਜਾਣਿਆ

ਜਦੋਂ ਵੀ ਬਿਲਕੁਲ ਇੱਕਲਾ ਹੁੰਦਾ ਹਾਂ ਮੈਂ 

ਮੇਰੇ ਕੋਲ ਹੁੰਦੀਆਂ ਨੇ ਅਨੇਕਾ ਸਿਮਰਤੀਆਂ 

ਵਿਲੱਖਣ ਨਕਸ਼ਾਂ ਵਾਲੇ ਚਿਹਰਿਆਂ ਦੀਆਂ 

ਚਾਹੀਆਂ ਅਣਚਾਹੀਆਂ ਘਟਨਾਵਾਂ ਦੀਆਂ 

ਅਣਗਿਣਤ ਹੰਢਾਏ ਤੇ ਗੁਆਏ ਅਵਸਰਾਂ ਦੀਆਂ 

ਬੀਤ ਗਏ ਭੋਗੇ ਅਣਭੋਗੇ ਛਿਣਾਂ ਦੀਆਂ 

ਮਾਣੀ ਅਣਮਾਣੀ ਖ਼ੂਬਸੂਰਤੀ ਦੀਆਂ

ਜਦੋਂ ਵੀ ਬਿਲਕੁਲ ਇੱਕਲਾ ਹੁੰਦਾ ਹਾਂ ਮੈਂ 

ਸੁਣਦਾ ਹਾਂ ਖ਼ਾਮੋਸ਼ ਹੋਏ ਪੈੜਚਾਲ 

ਯਾਤਰਾਵਾਂ ਦੀ ਜੋ ਹੁਣ ਤੱਕ ਕੀਤੀਆਂ 

ਯਾਤਰਾਵਾਂ ਦੀ ਜੋ ਅਜੇ ਅਣਕੀਤੀਆਂ 

ਯਾਦਾਂ ਚੱਕਰ ਲਾਉਂਦੀਆਂ ਮੇਰੇ ਦੁਆਲੇ 

ਧਰਤ ਦ੍ਰਿਸ਼ਾਂ ਦੇ ਰੰਗਾਂ, ਖੁਸ਼ਬੋਆਂ ਦੀਆਂ

ਜਦੋਂ ਵੀ ਬਿਲਕੁਲ ਇੱਕਲਾ ਹੁੰਦਾ ਹਾਂ ਮੈਂ 

ਘਰ ਤੇ ਇਸ ਦੇ ਨਿੱਕੇ-ਨਿੱਕੇ ਸੁੱਖਾਂ ਤੋਂ ਦੂਰ 

ਕੋਲ ਹੁੰਦੇ ਆਪਣੀ ਬੀਵੀ ਤੇ ਬੱਚੇ ਦੇ ਖਿਆਲ

ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ 

ਮੰਗਾਂ, ਉਮੰਗਾ, ਹਾਸਿਆ ਤੇ ਰੋਸਿਆਂ ਸਮੇਤ 

ਕਦੇ ਵੀ, ਕਿਤੇ ਵੀ ਇੱਕਲਾ ਨਹੀਂ ਹੁੰਦਾ ਹਾਂ ਮੈਂ 

ਜਦੋਂ ਵੀ ਬਿਲਕੁਲ ਇੱਕਲਾ ਹੁੰਦਾ ਹਾਂ ਮੈਂ।

📝 ਸੋਧ ਲਈ ਭੇਜੋ