ਇੱਕ ਦੂਜੇ ਤੇ ਗੱਜਦੇ ਪਏ ਨੇਂ ਜਿਹੜੇ
ਬਹੁਤੇ ਉਹ ਨੇਂ ਰੱਜਦੇ ਪਏ ਨੇਂ ਜਿਹੜੇ
ਉਨ੍ਹਾਂ ਅੱਜ ਤੱਕ ਕੁਝ ਨਈਂ ਨਿੱਬੜਨ ਦਿੱਤਾ
ਇੱਧਰ ਉੱਧਰ ਵੱਜਦੇ ਪਏ ਨੇਂ ਜਿਹੜੇ
ਨਈਂ ਜੁੜਨੇ ਨੇਂ ਟੁੱਟਦੇ ਵੇਖ ਖਿਡੌਣੇ
ਅੰਦਰੋਂ ਟੁੱਟਦੇ ਭੱਜਦੇ ਪਏ ਨੇਂ ਜਿਹੜੇ
ਨੀਅਤ ਨੰਗਾਂ ਰੱਖੇ ਨੰਗ ਤੜੰਗੇ
ਸਭ ਦੇ ਨੰਗ ਨੂੰ ਕੱਜਦੇ ਪਏ ਨੇਂ ਜਿਹੜੇ
ਹੌਲੀ ਹੌਲੀ ਬੰਨ੍ਹ ਦੇਵਣਗੇ ਸਭ ਕੁਝ
ਏਨੇ ਚਿਰ ਤੋਂ ਬੱਝਦੇ ਪਏ ਨੇਂ ਜਿਹੜੇ
ਕੁਝ ਕਿਸਾਨ ਤੇ ਕੁਝ ਮਜ਼ਦੂਰ ਦਾ ਲਹੂ ਏ
ਰੰਗ ਧਰਤੀ ਤੇ ਸੱਜਦੇ ਪਏ ਨੇਂ ਜਿਹੜੇ
ਕਿੰਜ ਰਹਿਵਣਗੇ ਖਿੱਚ ਧਰੂ ਵਿੱਚ ‘ਸੰਧੂ’
ਐਵੇਂ ਛਿਜਦੇ ਛੱਜਦੇ ਪਏ ਨੇਂ ਜਿਹੜੇ