ਇੱਕ ਇੱਕ ਅੱਥਰੂ ਉੱਤੇ ਇੱਕ ਇੱਕ ਯਾਰ ਨੇ

ਇੱਕ ਇੱਕ ਅੱਥਰੂ ਉੱਤੇ ਇੱਕ ਇੱਕ ਯਾਰ ਨੇ ਵਾਹ ਵਾਹ ਕੀਤੀ 

ਮੈਂ ਤੇ ਦੁੱਖ ਉਲੀਕੇ ਪਰ ਸੰਸਾਰ ਨੇ ਵਾਹ ਵਾਹ ਕੀਤੀ 

ਓਸ ਦਿਹਾੜੇ ਸਮਝਾਂਗਾ ਮੈਂ ਲਿਖਿਆ ਏ ਕੁੱਝ ਵੱਖਰਾ 

ਜਿਸ ਦਿਨ ਮੇਰੇ ਅੰਦਰ ਦੇ ਫ਼ਨਕਾਰ ਨੇ ਵਾਹ ਵਾਹ ਕੀਤੀ

ਬੱਸ ਫਿਰ ਓਸ ਕਹਾਣੀ ਵਿਚੋਂ ਕੱਢ ਦਿੱਤਾ ਉਸ ਮੈਨੂੰ 

ਜਦ ਮੇਰੇ ਕਿਰਦਾਰ 'ਤੇ ਹਰ ਕਿਰਦਾਰ ਨੇ ਵਾਹ ਵਾਹ ਕੀਤੀ

ਉਹ ਜਿੱਤਿਆ ਤੇ ਉਹਦੀ ਜਿੱਤ ਮੈਂ ਵੇਖੀ ਮੂੰਹ ਲੁਕਾਉਂਦੀ 

ਉਹਦੀ ਜਿੱਤ ਤੇ ਜਿਸਲ਼ੇ ਮੇਰੀ ਹਾਰ ਨੇ ਵਾਹ ਵਾਹ ਕੀਤੀ 

ਉਹਦੇ ਹੱਥੋਂ ਕੁਸਦਾ ਨਾ ਤੇ ਦੱਸੋ ਦਿਲ ਕੀ ਕਰਦਾ 

ਜਿਹਦੀ ਅੱਖ ਦੀ ਧਾਰ 'ਤੇ ਹਰ ਤਲਵਾਰ ਨੇ ਵਾਹ ਵਾਹ ਕੀਤੀ

ਸਿਰ ਤੇ ਆਏ ਭਾਰ ਨੂੰ ਲੈ ਕੇ ਜਗ ਦੇ ਧੱਕਿਆਂ ਵਿਚ ਵੀ 

ਪੈਰਾਂ ਤੇ ਸਾਂ ਤਾਂ ਹੀ ਸਿਰ ਦੇ ਭਾਰ ਨੇ ਵਾਹ ਵਾਹ ਕੀਤੀ

ਜਦ ਕਦੀ ਵੀ ਉਹਦੇ ਨਾਂ ਦੇ ਸਾਜ਼ ਛਿੜੇ ਤੇ ‘ਸੰਧੂ’ 

ਜਿਹਨੂੰ ਵੀ ਹੱਥ ਲਾਇਆ ਓਸੇ ਤਾਰ ਨੇ ਵਾਹ ਵਾਹ ਕੀਤੀ

📝 ਸੋਧ ਲਈ ਭੇਜੋ