ਇਕ ਖਤਰੀ ਬ੍ਰਹਿਮਣ ਨਾਈ ।
ਤਿੰਨਾਂ ਨੇ ਯਾਰੀ ਲਾਈ ।
ਖਤਰੀ ਸੀ ਕਦ ਵਿਚ ਗੀਂਹਡਾ ।
ਸੀ ਕੱਦੂ ਵਾਂਗਣ ਪੀਂਹਡਾ ।
ਬ੍ਰਹਿਮਣ ਦੀ ਹਰ ਥਾਂ ਪੁਛ ਸੀ ।
ਇਹਦੀ ਗਿਠ ਗਿਠ ਲੰਮੀ ਮੁਛ ਸੀ ।
ਨਾਈ ਸੀ ਇਕ ਗਭਰੋਟਾ ।
ਮੁਸ਼ਟੰਡਾ ਮੋਟਾ ਝੋਟਾ ।
ਤਿੰਨੇ ਹੀ ਸੈਰ ਤੇ ਚੜ੍ਹ ਪਏ ।
ਇਕ ਪੈਲੀ ਵੇਖ ਕੇ ਅੜ ਪਏ ।
ਵੇਖੇ ਨੇ ਸੋਹਣੇ ਗੱਨੇ ।
ਰਜ ਰਜ ਕੇ ਉਹਨਾਂ ਭੱਨੇ ।
ਕੁਝ ਚੂਪੇ ਕੁਝ ਉਜਾੜੇ ।
ਕੁਝ ਪੈਰਾਂ ਹੇਠ ਲਤਾੜੇ ।
ਦੂਰੋਂ ਹੀ ਜਟ ਨੇ ਤਕਿਆ ।
ਪਰ ਨੇੜੇ ਆ ਕੇ ਝਕਿਆ ।
ਵਿਚ ਫਸਿਆ ਔਖੇ ਫੰਦੇ ।
ਇਹ ਇਕ ਤੇ ਉਹ ਤਿੰਨ ਬੰਦੇ ।
ਕੁਝ ਡਰਿਆ ਕੁਝ ਘਬਰਾਇਆ ।
ਫਿਰ ਫੰਦ ਇਹ ਨਵਾਂ ਬਣਾਇਆ ।
ਝਟ ਆਇਆ ਨਠਾ ਨਠਾ ।
ਬ੍ਰਹਿਮਣ ਦੇ ਚਰਨੀਂ ਢਠਾ ।
ਮੈਂ ਜਟ ਮੂਰਖ ਅਨਜਾਣ ਹਾਂ ।
ਤੂੰ ਬ੍ਰਹਿਮਣ ਮੈਂ ਜਜਮਾਨ ਹਾਂ ।
ਜੇ ਚਾਉ ਮੈਨੂੰ ਬੰਨ੍ਹ ਲੌ ।
ਕੁਝ ਗੱਨੇ ਹੋਰ ਵੀ ਭੰਨ ਲੌ ।
ਕਿਉਂ ਦੇਵਾਂ ਗੱਨਾਂ ਸਖਣਾ ।
ਕੁਝ ਨਾਲ ਵੀ ਦੇਸਾਂ ਦਖਣਾ ।
ਤੂੰ ਦਸ ਉਹੋ ਭੈੜਿਆ ਨਾਈਆ ।
ਇਹ ਮਰਨ ਮਿਟੀ ਕਿਉਂ ਚਾਈ ਆ ।
ਇਹ ਬ੍ਰਹਿਮਣ ਇਹ ਸ਼ਾਹੂਕਾਰ ਹੈ ।
ਤੂੰ ਕਿਸ ਪਿੰਡ ਦਾ ਸਰਦਾਰ ਹੈ ।
ਕੋਹੜ ਕਿਰਲੀ ਲਮਕਨ ਲੀਰਾਂ ।
ਤੇ ਜਫੇ ਨਾਲ ਸ਼ਹਿਤੀਰਾਂ ।
ਤੂੰ ਹੈਂ ਇਕ ਸਾਡਾ ਕਾਮਾ ।
ਗੱਨਿਆਂ ਦਾ ਲਗਦਾ ਏਂ ਮਾਮਾ ।
ਚੁਕ ਭੁੰਏਂ ਸੁਟਿਆ ਉਸ ਨੂੰ ।
ਤੇ ਰਜ ਕੇ ਕੁਟਿਆ ਉਸ ਨੂੰ ।
ਇਹ ਵੇਖ ਕੇ ਜਟ ਦਾ ਚਾਲਾ ।
ਬ੍ਰਹਿਮਣ ਨੇ ਕਢ ਲਈ ਮਾਲਾ ।
ਹੇ ਭਗਵਨ ਮੇਰਿਆ ਸਚਿਆ ।
ਹੈ ਸ਼ੁਕਰ ਕਿ ਮੈਂ ਤਾਂ ਬਚਿਆ ।
ਤੂੰ ਬੰਧਨ ਕਟਿਆ ਮੇਰਾ ।
ਪਰਸ਼ਾਦ ਮੈਂ ਸੁਖਿਆ ਤੇਰਾ ।
ਜਟ ਕੀਤੀ ਖ਼ੂਬ ਹਜਾਮਤ ।
ਨਾਈਏ ਦੀ ਆ ਗਈ ਸ਼ਾਮਤ ।
ਖੋਹ ਲੀਤੇ ਉਸ ਤੋਂ ਗੰਨੇ ।
ਹਡ ਗੋਡੇ ਉਸ ਦੇ ਭੰਨੇ ।
ਗਿਚੀ ਫੜ ਉਸ ਦੀ ਲੀਤੀ ।
ਨਾਈਏ ਨੇ ਤੋਬਾ ਕੀਤੀ ।
ਫਿਰ ਖਤਰੀ ਦੇ ਵਲ ਆਇਆ ।
ਤੇ ਜੱਟ ਨੇ ਇਹ ਫ਼ਰਮਾਇਆ ।
ਬ੍ਰਹਿਮਣ ਤਾਂ ਕਢਦੇ ਪਤਰੀ ।
ਤੂੰ ਕੌਣ ਏਂ ਪਾਮਿਰ ਖਤਰੀ ।
ਅਹਿਸਾਨ ਤੂੰ ਕਿਹੜਾ ਕੀਤਾ ।
ਤੂੰ ਲਹੂ ਅਸਾਂ ਦਾ ਪੀਤਾ ।
ਜੇ ਲਿਆ ਰੁਪਿਆ ਉਧਾਰਾ ।
ਤੂੰ ਬੰਨ੍ਹ ਲਿਆ ਟੱਬਰ ਸਾਰਾ ।
ਗੋਗੜ ਤੇ ਡਾਂਗ ਇਕ ਮਾਰੀ ।
ਤਹਿ ਬਹਿ ਗਈ ਉਸ ਦੀ ਸਾਰੀ ।
ਛਤਰਾੜ ਉਹ ਜੱਟ ਨੇ ਕੀਤੀ ।
ਰਬ ਜਾਣੇ ਜੋ ਸਿਰ ਬੀਤੀ ।
ਸੰਘ ਉਸ ਦਾ ਫੜ ਕੇ ਘੁਟਿਆ ।
ਅਧਮੋਇਆ ਕਰ ਕੇ ਸੁਟਿਆ ।
ਇਹ ਵੇਖ ਕੇ ਪੁਠਾ ਚਾਲਾ ।
ਬ੍ਰਹਿਮਣ ਨੇ ਕਢ ਲਈ ਮਾਲਾ ।
ਫਿਰ ਦਿਲ ਵਿਚ ਆਖਣ ਲਗਾ ।
ਅਜ ਫਸ ਗਿਆ ਲੋਲ੍ਹਾ ਢਗਾ ।
ਮੈਂ ਧੋਖੇ ਦੇ ਵਿਚ ਫਸਿਆ ।
ਮੈਨੂੰ ਰਾਹ ਇਹਨਾਂ ਨੇ ਦਸਿਆ ।
ਅਜ ਖੈਰ ਨਹੀਂ ਦਿਸਦੀ ਮੇਰੀ ।
ਉਸ ਪੁਠੀ ਮਾਲਾ ਫੇਰੀ ।
ਹੇ ਭਗਵਨ ਮੇਰਿਆ ਸਚਿਆ ।
ਤਦ ਜਾਣਸਾਂ ਜੇ ਅਜ ਬਚਿਆ ।
ਜਟ ਦਿਸਦਾ ਅਜ ਸਿਰ ਲਥ ਹੈ ।
ਮੇਰੀ ਲਾਜ ਤੇਰੇ ਅਜ ਹਥ ਹੈ ।
ਦਿਹ ਜਟ ਨੂੰ ਇਕ ਹਲੂਣਾ ।
ਪਰਸ਼ਾਦ ਮੈਂ ਦੇਸਾਂ ਦੂਣਾ ।
ਇਹਨੂੰ ਸੁਸਰੀ ਵਾਂਗ ਸਵਾ ਦੇਹ ।
ਯਾ ਮਿਰਗੀ ਇਸ ਨੂੰ ਪਾ ਦੇਹ ।
ਜਟ ਦਿਲ ਵਿਚ ਡਾਹਡਾ ਕੁੜਿਆ ।
ਫਿਰ ਬ੍ਰਹਿਮਣ ਦੇ ਵਲ ਮੁੜਿਆ ।
ਇਹ ਬੇ ਖਸਮੇ ਨੇ ਗੰਨੇ ।
ਦਸ ਤੂੰ ਕਿਉਂ ਆ ਕੇ ਭੰਨੇ ।
ਕੀ ਅਸਾਂ ਖੁਸ਼ਾਮਦ ਤੇਰੀ ।
ਗਲ ਕਰਾਂ ਮੈਂ ਚਾਲੀ ਸੇਰੀ ।
ਜੇ ਪਤਰੀ ਕਢ ਸੁਣਾਵੇਂ ।
ਛਿਲ ਸਾਡੀ ਪਹਿਲੋਂ ਲਾਹਵੇਂ ।
ਜੇ ਖੀਰ ਅਸਾਂ ਖਵਾਈ ।
ਲੈ ਲੈਨਾ ਈਂ ਦੰਦ ਘਸਾਈ ।
ਜੇ ਲਾਵਾਂ ਕਿਤੇ ਪੜਾਵੇਂ ।
ਥਾਂ ਥਾਂ ਤੇ ਟਕੇ ਧਰਾਵੇਂ ।
ਦੋ ਤਤੀਆਂ ਤਤੀਆਂ ਲਾਈਆਂ ।
ਦੋ ਬੂਥਾਂ ਉਤੇ ਟਕਾਈਆਂ ।
ਬ੍ਰਹਿਮਣ ਨੂੰ ਆ ਗਏ ਗੋਤੇ ।
ਉਡ ਗਏ ਅਕਲ ਦੇ ਤੋਤੇ ।
ਜਟ ਗੁੱਸੇ ਦੇ ਵਿਚ ਖਿੰਜਿਆ ।
ਉਹਨੂੰ ਰੂੰ ਦੇ ਵਾਂਗਣ ਪਿੰਜਿਆ ।
ਤਿੰਨੇ ਪਏ ਬਿਟ ਬਿਟ ਤਕਣ ।
ਡਰ ਮਾਰੇ ਬੋਲ ਨਾ ਸਕਣ ।
ਮੈਂ ਪੈਲੀ ਦੇ ਵਿਚ ਗਿਆ ।
ਫਿਰ ਤਿੰਨਾਂ ਨੂੰ ਇਹ ਕਿਹਾ ।
ਇਤਫ਼ਾਕ ਤੁਸੀਂ ਜੇ ਕਰਦੇ ।
ਕਿਉਂ ਜਟ ਦੇ ਹਥੋਂ ਮਰਦੇ ।
ਫੁਟ ਦੀ ਹੋਂਦੀ ਖੈ ਏ ।
ਇਤਫ਼ਾਕੀ ਦੀ ਆਖ਼ਰ ਜੈ ਏ ।
ਮਿਲ ਮਿਲ ਕੇ ਬਣਦੀਆਂ ਡਾਰਾਂ ।
ਇਕ ਇਕ ਤੇ ਦੋ ਨੇ ਯਾਰਾਂ ।