ਤਸਵੀਰਾਂ 'ਚ ਕੈਦ ਪਲਾਂ ਦਾ ਕੋਈ ਮੁਕਤੀਦਾਤਾ ਨਹੀਂ
ਸੌਖੀ ਤਰ੍ਹਾਂ ਮਾਸ ਚੁੰਢਣ ਲਈ ਲੁੰਗੀ ਖਿੱਚ ਰਿਹਾ ਕੁੱਤਾ
ਇੰਝ ਹੀ ਖਿੱਚਦਾ ਰਹੇਗਾ
ਬੇਹਯਾ ਗੋਲੀਆਂ ਨਾਲ਼ ਵਿੰਨ੍ਹੀਆਂ ਕਿੰਨੀਆਂ ਨੰਗੀਆਂ ਲਾਸ਼ਾਂ
ਬੇਤਰੱਦਦ ਚੂੰਡੇ ਜਾਵਣ ਲਈ ਇੰਝ ਹੀ ਪਈਆਂ ਰਹਿਣਗੀਆਂ
ਦਿਲ ਤੇ ਰੁਕਿਆ ਹੱਥ
ਇੰਝ ਹੀ ਰੁਕਿਆ ਰਹੇਗਾ
ਤਸਵੀਰਾਂ 'ਚ ਕੈਦ ਪਲਾਂ ਦਾ ਕੋਈ ਮੁਕਤੀਦਾਤਾ ਨਹੀਂ
ਕਦੋਂ ਤੱਕ ਇਹ ਮਹਾਂ-ਵਿਲੰਬ
ਇਸ਼ਤਿਹਾਰ ਬਣਿਆ ਰਹੇਗਾ ਵਹਿਸ਼ਤ ਦਾ, ਸਿਆਸਤ ਦਾ?
ਆਖ਼ਰੀ ਸਾਹ ਅਟਕਿਆ ਹੋਇਆ
ਕੈਮਰੇ ਦੀ ਕ-ਲਿ-ਕ ਵਿੱਚ
ਜਾਂ ਮੇਰੇ ਦਸਤਖ਼ਤਾਂ ਦੇ ਆਖਰੀ ਹਰਫ਼ ਵਿੱਚ
ਜੋ ਮੈਂ ਕੀਤੇ ਸਨ ਇਸ ਅਹਦਿ ਦੇ ਨਾਂ 'ਤੇ
ਕਿ ਮੌਤ ਨੂੰ ਜ਼ਿੰਦਗੀ ਦੇ ਹਾਣ ਦੀ ਹੋਣ ਨਹੀਂ ਦੇਣਾ-
ਇੱਕ ਦਿਨ ਇਹ ਹਰਫ਼ ਡਿੱਗੇਗਾ ਦੁੱਧ ਦੇ ਦੰਦ ਵਾਂਙ
ਤੇ ਖੁੱਭ ਜਾਏਗਾ ਮੌਤ ਦੇ ਪਿੰਡੇ ਵਿੱਚ
ਚੰਦ ਤਾਂ ਫਿਰ ਵੀ ਚਮਕੇਗਾ-
ਨੈਣਾਂ ਵਿੱਚ
ਗੀਤਾਂ ਵਿੱਚ
ਲੋਰੀਆਂ ਵਿੱਚ…
ਸਾਡੇ ਸੁਪਨੇ
ਵਕਤ ਦੀ ਕੁਕੜੀ ਦੇ ਪਰਾਂ ਹੇਠ ਪਏ ਆਂਡੇ
ਇਨ੍ਹਾਂ ਖ਼ਬਰਾਂ ਤਸਵੀਰਾਂ ਤੇ ਫਿਲਮਾਂ ਨੂੰ ਆਪਾਂ
ਕਿਸੇ ਨਾ ਕਿਸੇ ਤਰ੍ਹਾਂ ਆਂਡੇ ਬਣਾ ਲਈਏ
ਗੋਲ ਗੋਲ, ਚਿੱਟੇ ਚਿੱਟੇ
ਤੇ ਕੁੜਕ ਬੈਠੀ ਕੁਕੜੀ ਦੇ ਪਰਾਂ ਹੇਠ ਰੱਖ ਦਈਏ।