ਇੱਕੋ ਰੁੱਖ 'ਤੇ ਪਲ਼ ਕੇ ਚਿੜੀਆਂ
ਰਹਿ ਨਾ ਸਕੀਆਂ ਰਲ਼ ਕੇ ਚਿੜੀਆਂ
ਬਾਜ਼ ਕਮੀਨੇ ਕੱਚੀਆਂ ਖਾ ਗਏ
ਬੰਦੇ ਖਾ ਗਏ ਤਲ਼ ਕੇ ਚਿੜੀਆਂ
ਇਕ ਇਕ ਪਿੰਜਰੇ ਪਾ ਦੇਂਦੇ ਨੇ
ਮਾਪੇ ਹੱਥੀਂ ਵਲ਼ ਕੇ ਚਿੜੀਆਂ
ਮੁੜ ਕੇ ਜੰਗਲੀਂ ਜਾ ਵੜੀਆਂ ਨੇਂ
ਸ਼ਹਿਰਾਂ ਤੋਂ ਸੜ ਬਲ਼ ਕੇ ਚਿੜੀਆਂ
ਲੈ ਨੀ ਮਾਏ ਟੁਰ ਚੱਲੀਆਂ ਨੇ
ਸ਼ਗਨਾਂ ਦੇ ਰੰਗ ਮਲ਼ ਕੇ ਚਿੜੀਆਂ
ਦੁੱਖ ਦੇ ਗੀਤ ਸੁਣਾਵਣ ‘ਸੰਧੂ’
ਘਰ ਘਰ ਉਮਰੋਂ ਢਲ਼ ਕੇ ਚਿੜੀਆਂ