ਮੇਰਿਆਂ ਦੋ ਕੁ ਤੀਰਾਂ ਨਾਲ

ਕੁੱਤੇ ਦਾ ਮੂੰਹ ਸਿਉਂਤਾ ਵੇਖ

ਯੁੱਧ ਗੁਰੂ

ਦਰੋਣਾਚਾਰੀਆ ਜੀ ਨੇ ਪੁੱਛਿਆ

ਤੂੰ ਕੌਣ ਹੈਂ?

ਮੈਂ ਕਿਹਾ

ਭੀਲ ਪੁੱਤਰ

ਪਾਂਡਵ ਗੁਰੂ,

ਜਾਣਨਾ ਚਾਹਿਆ,

ਅਨੋਖੀ ਸ਼ਸਤਰ ਕਲਾ

ਕਿਸ ਤੋਂ ਸਿੱਖੀ ਹੈ?

ਮੈਂ ਕਿਹਾ 

ਤੁਹਾਥੋਂ ਹੀ ਗੁਰਦੇਵ

ਤੁਹਾਡੀ ਕਿਰਪਾ ਨਾਲ।

ਕੁਲੀਨ ਗੁਰੂ ਕ੍ਰੋਧੇ,

ਤੂੰ ਨਖਿੱਧ ਹੈਂ,

ਮਿਥਿਆ ਬੋਲਦਾ ਹੈਂ,

ਅਛੂਤ -  ਸਿੱਖਿਆ

ਸਾਡੀ ਸੰਸਕ੍ਰਿਤੀ ਦਾ

ਵਿਧਾਨ ਨਹੀਂ

ਮੈਂ ਕਿਹਾ,

ਤੁਹਾਡੀ ਮੂਰਤੀ,

ਪ੍ਰਮਾਣ ਹੈ,ਗੁਰਦੇਵ।

ਆਚਾਰੀਆਂ ਗੰਭੀਰ ਹੋਏ

ਵਿਯੂਹ ਵਿਛਾਇਆ

ਗੁਰੂ ਮੰਨਦਾ ਹੈ

ਤਾਂ

ਗੁਰਦਛਨਾ ਦੇ

ਵਿਦਿਆ ਮੁੱਲ ਤਾਰ?

ਮੈਂ ਕਿਹਾ,

ਉਹ ਇਕਲਵਯ

ਅੰਗੂਠਾ ਕਟਾਈ

ਰਣਭੂਮੀ ਤੋਂ ਬਾਹਰ

ਬੈਠਾ ਹੈ, ਗੁਰਦੇਵ।

ਹੁਣ

ਖੱਬੇ ਨਾਲ

ਅਭਿਆਸ ਕਰਦਾ ਹੈ

ਮੈਂ ਤੇ

ਉਸਦਾ ਅਤੀਤ ਹਾਂ ,ਗੁਰਦੇਵ।

📝 ਸੋਧ ਲਈ ਭੇਜੋ