ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ !

ਗੱਲ ਦੱਸਨਾ, ਪੈਂਦਾ ਹੌਲ ਕੋਈ !

ਇਸ ਰੁੱਖ ਨਾਲ ਮਲਕ ਜਨਾਬ ਮਿਰਾ, 

ਇਸ ਪੱਤ ਨਾਲ ਕੋਈ ਹਿਸਾਬ ਮਿਰਾ, 

ਹੈ ਬਾਕੀ ਅਜੇ ਜੁਆਬ ਮਿਰਾ! 

ਪਿਆ ਅੰਤ-ਕਿਨਾਰੇ ਮਉਲ ਕੋਈ, 

ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ।

ਬੇਅੰਤ ਆਕਰਖ ਭਿਆਨ ਹਈ 

ਲੈ ਚੱਲਿਆ, ਨਿਕਲੀ ਜਾਨ ਹਈ— 

ਇਸ ਤਿੜ ਨੂੰ ਮਿਰੀ ਸੰਞਾਣ ਹਈ। 

ਮਿਰਾ ਰੱਬ ਬਣਾਉਂਦਾ ਡੌਲ ਕੋਈ— 

ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ।

ਹੈ ਭੈਅ ਵਿਚ ਮਿਰੀ ਪਛਾਣ ਕੋਈ 

ਮੈਂ ਰੱਖਿਆ ਕੌਲ ਮਿਆਨ ਕੋਈ 

ਫੜ ਡੱਕਿਆ ਦਰਦ ਅਜ਼ਾਨ ਕੋਈ, 

ਭੈਅ-ਭੀਤ ਜਾਨ ਤੇ ਖੌਲ ਕੋਈ ! 

ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ।

ਸੁਣ ਯਾਰ ! ਸੁਜਾਨ ਹੈ ਮੰਤ ਤਿਰੀ 

ਅਸੀਂ ਤੁਰ ਗਏ, ਖੇਡ ਬੇਅੰਤ ਤਿਰੀ, 

ਭੁੱਲ ਗਿਉਂ ਨੁਹਾਰ ਤੁਰੰਤ ਮਿਰੀ ? 

ਮਿਰੇ ਰਿਜ਼ਕ ਦਾ ਧਰੁ ਤੇ ਚੌਲ ਕੋਈ— 

ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ।

ਚਹੁੰ ਕੂੰਟ ਅੰਧ ਸ਼ਮਸ਼ਾਨ ਰਿਹਾ 

ਕਿਤੇ ਹੋ ਪਰਚੰਡ ਗਿਆਨ ਰਿਹਾ 

ਮੇਰਾ ਖੰਡ-ਮੰਡਲ ਭਖ ਮਿਆਨ ਰਿਹਾ 

ਵਿਚ ਸਤਿਗੁਰ ਦਾ ਫ਼ੁਰਮਾਨ ਰਿਹਾ, 

ਹੱਸ ਤੁਰਿਆ ਲੈ ਕਚਕੌਲ ਕੋਈ 

ਮਿਰਾ ਨਾਲ ਜਿਮੀਂ ਦੇ ਕੌਲ ਕੋਈ।

ਮਿਰਾ ਨਾਲ ਜ਼ਿਮੀਂ ਦੇ ਕੌਲ ਕੋਈ। 

ਗੱਲ ਦਸਨਾ, ਪੈਂਦਾ ਹੌਲ ਕੋਈ।

📝 ਸੋਧ ਲਈ ਭੇਜੋ