'ਇਕਵਿੰਦਰ' ਦਰਵੇਸ਼ਾਂ ਤੋਂ ਨਾ ਪੁੱਛ ਥਹੁ-ਸਿਰਨਾਵਾਂ

'ਇਕਵਿੰਦਰ' ਦਰਵੇਸ਼ਾਂ ਤੋਂ ਨਾ ਪੁੱਛ ਥਹੁ-ਸਿਰਨਾਵਾਂ । 

ਉੱਡਣਹਾਰ ਪਤੰਗਾਂ ਦਾ ਕਦ ਟਿਕਦਾ ਹੈ ਪਰਛਾਂਵਾਂ ? 

ਦਿਨ ਚੜ੍ਹਦੇ ਹੀ ਸ਼ੋਰ ਸ਼ਰਾਬਾ ਗੁੰਮ ਗਈ ਖ਼ਾਮੋਸ਼ੀ, 

ਰਾਤ ਪਵੇ ਤਾਂ ਬੂਹੇ ਭੰਨਣ ਅੜੀਅਲ ਤੇਜ਼-ਹਵਾਵਾਂ । 

ਉਸ ਚਿੱਠੀ ਨੇ ਘੁੰਮ-ਘੁਮਾ ਕੇ ਮੁੜ ਆਉਣਾ ਸੀ ਆਖ਼ਰ, 

ਜਿਸ ਦੇ ਦੋਨੋਂ ਪਾਸੇ ਹੀ ਸੀ ਭੇਜਕ ਦਾ ਸਿਰਨਾਵਾਂ।

ਹੁੰਮਸ ਅੰਦਰ ਅਪਣਾ ਆਪਾ ਪਲ-ਪਲ ਟੁੱਟਦਾ ਜਾਵੇ, 

ਯਾ ਰੱਬ ! ਹੁਣ ਤਾਂ ਖੁੱਲ੍ਹੀਆਂ ਛੱਡਦੇ ਠੰਡੀਆਂ-ਠਾਰ ਹਵਾਵਾਂ । 

ਉਸ ਬੰਦੇ ਦੀ ਲਾਸ਼ ਕਿਵੇਂ ਹੋ ਸਕਦੀ ਹੈ ਲਾਵਾਰਿਸ ? 

ਜਿਸ ਦੇ ਖੀਸੇ ਵਿੱਚੋਂ ਮਿਲਿਆ ਜੰਗਲ ਦਾ ਸਿਰਨਾਵਾਂ ।

ਅੱਜ ਕੱਲ੍ਹ ਲਵਿਆਂ ਰੁੱਖਾਂ ਨੂੰ ਬੱਸ ! ਸ਼ੂਕ ਸੁਣਾਈ ਦੇਵੇ, 

ਬੁੱਢਿਆਂ-ਬੁੱਢਿਆਂ ਰੁੱਖਾਂ 'ਤੇ ਵਰ੍ਹ ਰਹੀਆਂ ਘੋਰ-ਘਟਾਵਾਂ ।

'ਇਕਵਿੰਦਰ' ਤੇ ਭਾਰੂ ਹੋਇਆ ਨੌਕਰੀਆਂ ਦਾ ਚੱਕਰ, 

ਮੌਸਮ ਅਪਣਾ ਰੰਗ ਬਦਲਦਾ ਇਹ ਬਦਲੇ ਸਿਰਨਾਵਾਂ ।

📝 ਸੋਧ ਲਈ ਭੇਜੋ