ਜ਼ਿੰਦਗੀ ਜਿਉਣ ਦਾ

ਆਜ਼ਾਦੀ ਮਾਣਨ ਦਾ

ਮੇਰੇ ਸਿਰ ਇਲਜ਼ਾਮ ਹੈ

ਹਰ ਵਾਰ ਮੁੱਕ ਜਾਂਦਾ ਹੈ ਵਰਕਾ

ਉਸ ਭਾਸ਼ਣ ਡਾਇਰੀ ਦਾ

ਜਦੋਂ ਮੇਰਾ ਜਿਕਰ ਹੋਣਾ ਹੁੰਦਾ ਹੈ

ਭੇੜ ਦਿੱਤੇ ਜਾਂਦੇ ਨੇ

ਮੈਨੂੰ ਦੇਖ ਕੇ

ਸਰਕਾਰੀ ਸੰਸਥਾਵਾਂ ਦੇ

ਬੇ ਢੰਗੇ ਜੇ ਪੈਸੇ ਮੰਗਦੇ ਗੇਟ

ਮੈਨੂੰ ਪਚੀੜਣ ਦੀ ਕੋਸ਼ਿਸ਼ ਹੈ

ਵਰਗਲਾ ਕੇ

ਉਸ ਤਾਨਾਸ਼ਾਹੀ ਵੇਲਣੇ ਦੀ

ਜੋ ਕਿ ਰੋਟੀਆਂ ਦੀ ਥਾਂਵੇਂ ਵੋਟਾਂ ਵੇਲਦਾ ਹੈ

ਮੈ ਜਦ ਕਦੇ ਵੀ ਸਾਈਕਲ ਤੇ ਸਫ਼ਰ ਕੀਤਾ

ਹੈਂਡਲ ਨਾਲ ਟੰਗਿਆ ਝੋਲ਼ਾ

ਸਾਰੇ ਰਾਹ ਮੈਨੂੰ ਮਿਹਣੇ ਮਾਰਦਾ ਰਿਹਾ

ਕੱਢ ਦਿਤਾ ਗਿਆ ਮੈਨੂੰ ਉਸ ਖਾਣੇ ਪਾਣੀ ਚੋਂ ਇਹ ਕਹਿ ਕੇ

ਕਿ ਦਾਣੇ ਦਾਣੇ ਤੇ ਖਾਣ ਵਾਲੇ ਦਾ ਨਾਮ ਐ

ਕਰ ਲਏ ਮੇਰੇ ਚੋਰੀ ਸੁਫ਼ਨੇ

ਇਸ ਆਸ ਨੇ

ਜੋ ਕਹਿੰਦੀ ਰਹੀ

ਇਹ ਤੇਰੇ ਹਾਣ ਦੇ ਨਹੀਂ ਹਨ

ਮੈਂ ਉੱਲੀ ਲੱਗੀ ਰੋਟੀ ਤੱਕੀ ਹੈ

ਆਪਣੇ ਘਰ ਵਿਚਲੇ ਛਿੱਕੂ ਦੇ ਅੰਦਰ

ਮਾਂ ਕਹਿੰਦੀ ਸੀ ਚੂਰੀ ਚੋਰ ਹੈਂ ਤੂੰ

ਕਹਿੰਦੀ ਸੀ ਭੈਣ ਤੇਰੀ ਭੁਖੀ ਹੈ

ਮੈਂ ਗਿਆ ਸਾਂ ਉਹਦੇ ਲਈ ਕੁਝ ਖਰੀਦਣ

ਪਰ ਥੋਨੂੰ ਪਤਾ

ਮੈਂ ਆਵਦਾ ਆਪ ਵੇਚ ਕੇ ਨਗਨ ਮੁੜਿਆ

ਸਮਝੌਤੇ ਹਰ ਥਾਂ ਮੇਰੇ ਨਾਲ ਹੱਥ ਮਿਲਾਉਂਦੇ ਰਹੇ

ਮੇਰੇ ਚਿਹਰੇ ਦੀ ਮੁਸਕਰਾਹਟ

ਮੇਰੇ ਹੱਥਾਂ ਨੂੰ ਵੇਖ ਕੇ ਪੀਲ਼ੀ ਹੋ ਜਾਂਦੀ ਹੈ

ਅੱਖਾਂ ਪਿਚਕ ਗਈਆਂ ਮੇਰੀਆਂ

ਬੰਜਰ ਬਣ ਗਿਆ

ਮੇਰੀਆਂ ਅੱਖਾਂ ਵਿਚਲਾ ਮਾਂ ਦਾ ਬਾਗ

ਉੱਚੇ ਪੁਲ ਬਣਾ ਦਿੱਤੇ ਗਏ

ਤਾਂ ਜੋ ਮੈਂ ਹੰਭ ਹੰਭ

ਉਨ੍ਹਾਂ ਤੀਕ ਪਹੁੰਚਾਂ

ਤੇ ਉਹ ਮੈਨੂੰ ਦਿਖਾਵੇ ਦੀ ਸ਼ੈਅ ਬਣਾ ਰਹੇ ਹਨ

ਮੈਂ ਉਹਨਾਂ ਦੇ ਦੇਸ਼ ਤੋਂ ਸਿਰਫ਼ ਏਸੇ ਕਾਰਨ ਬੇਦਖ਼ਲ ਹਾਂ

ਕਿਉਂਕਿ

ਮੇਰੇ ਸਿਰ ਇਲਜ਼ਾਮ ਹੈ

ਜਿੰਦਗੀ ਜਿਉਣ ਦਾ

ਆਜ਼ਾਦੀ ਮਾਨਣ ਦਾ

📝 ਸੋਧ ਲਈ ਭੇਜੋ