ਇੰਜ ਹਾਲੋਂ ਬੇ ਹਾਲ ਨੀ ਮਾਏ
ਭੁੱਲ ਗਈ ਆਪਣੀ ਚਾਲ ਨੀ ਮਾਏ
ਓਨੇ ਫੱਟ ਮੇਰੇ ਜੁੱਸੇ 'ਤੇ
ਜਿੰਨੇ ਤੇਰੇ ਵਾਲ਼ ਨੀ ਮਾਏ
ਦੋਜ਼ਖ਼ ਤੈਥੋਂ ਦੂਰੀ, ਜੰਨਤ
ਤੇਰੇ ਆਲ-ਦਵਾਲ ਨੀ ਮਾਏ
ਹੁਣ ਤੇ ਕੁੱਝ ਨਈਂ ਨਜ਼ਰੀਂ ਆਉਂਦਾ
ਹੋਰ ਇਕ ਸੂਰਜ ਬਾਲ ਨੀ ਮਾਏ
ਮੈਂ ਦਰਿਆਵਾਂ ਦਾ ਹਾਣੀ ਸਾਂ
ਤਰਨੇ ਪੈ ਗਏ ਖਾਲ਼ ਨੀ ਮਾਏ
ਮੇਰੀ ਚਿੰਤਾ ਛੱਡ ਦੇ, ਐਥੇ
ਰੁਲਦੇ ਸਭ ਦੇ ਬਾਲ ਨੀ ਮਾਏ
ਮੇਰਾ ਮੱਥਾ ਚੁੰਮਿਆਂ ਤੈਨੂੰ
ਹੋ ਗਏ ਚਵੀ ਸਾਲ ਨੀ ਮਾਏ
ਹਰ ਛੋਟੀ ਵੱਡੀ ਆਫ਼ਤ ਵਿਚ
ਤੂੰ ਸੈਂ ਸਾਡੀ ਢਾਲ ਨੀ ਮਾਏ
ਹੁਣ ਨਾ ਦੁੱਧ ਪਿਆਈਂ ਪੂਰਾ
ਵੱਡੇ ਹੋਣ ਨਾ ਬਾਲ ਨੀ ਮਾਏ
ਜਿਹਨੂੰ ਮਿਲੀਏ ਫਾਹ ਲੈਂਦਾ ਏ
ਹਰ ਬੰਦਾ ਕੋਈ ਜਾਲ਼ ਨੀ ਮਾਏ
ਸ਼ਹਿਰ ਦੇ ਸੁੱਖ ਕੀਹ ਲਿਖਾਂ ਤੈਨੂੰ
ਮੁੱਲ ਨਹੀਂ ਲਭਦੀ ਦਾਲ਼ ਨੀ ਮਾਏ
ਅਫ਼ਜ਼ਲ ਅਹਸਨ ਲੋਹਾ ਸੀ, ਪਰ
ਖਾ ਗਿਆ ਦਰਦ ਜੰਗਾਲ਼ ਨੀ ਮਾਏ