ਕੀ ਕਹਾਂ ਕਿੰਨਾ ਰਿਹਾ ਹਾਂ ਬੇਕਰਾਰ, 

ਕਿੰਜ ਕੀਤਾ ਹੈ ਮੈਂ ਤੇਰਾ ਇੰਤਜ਼ਾਰ !

ਤ੍ਰੇਲ ਦੇ ਤੁਪਕੇ ਦੇ ਵਾਕਣ ਹਰ ਘੜੀ 

ਕੰਡੇ ਉੱਤੇ ਟੰਗ ਛੱਡੀ ਜਿੰਦੜੀ।

ਜਾਗ ਪਈ ਪੂਰਬ ਦੀ ਬੁਕਲ 'ਚੋਂ ਸਵੇਰ 

ਪੌਹ ਫੁਟਾਲੇ ਇਕ ਕਿਰਨ ਲੋ ਦੀ ਜਗੀ। 

ਹੌਲੀ ਹੌਲੀ ਸਿਰ ਤੇ ਸੂਰਜ ਆ ਗਿਆ, 

ਕੜਕਦੀ ਦੁਪਹਿਰ ਫਿਰ ਦਿਲ ਦੇ ਦਗੀ।

ਡੁਲ੍ਹਿਆ ਪੱਛਮ ਦੇ ਵਿਹੜੇ ਵਿਚ ਲਹੂ, 

ਸ਼ਾਮ ਦੀ ਤਿੱਖੀ ਛੁਰੀ ਗਲ ਤੇ ਵਗੀ, 

ਕਾਲਾ ਕੱਫਣ ਰਾਤ ਨੇ ਦਿੱਤਾ ਪਸਾਰ।

ਝੱਖੜਾਂ ਵਿਚ ਸ਼ੂਕਦੀ ਇਕ ਟਾਹਣ 'ਤੇ 

ਚੇਤ ਚੜ੍ਹਦੇ ਕੁਝ ਕਰੂੰਬਲਾਂ ਫੁੱਟੀਆਂ। 

ਰਾਤ ਦਿਨ ਇਸ ਦੇ ਅੰਗਾਂ ਨੂੰ ਟੁੰਬ ਕੇ 

ਲੰਘੀਆਂ ਪੌਣਾਂ ਦੁਮੇਲੋਂ ਟੁੱਟੀਆਂ।

ਕੋਈ ਫੁਲ ਖਿੜਿਆ ਤੇ ਫਲ ਆਇਆ ਨਹੀਂ

ਝੜ ਗਏ ਪੱਤੇ ਉਮੀਦਾਂ ਲੁੱਟੀਆਂ

ਸੱਖਣੀ ਹੀ ਬੀਤ ਗਈ ਇਸ ਦੀ ਬਹਾਰ।

ਇਸ ਤਰ੍ਹਾਂ ਇਕ ਵਾਰ ਕਾਂਗਾਂ ਉੱਠੀਆਂ 

ਜਾਪਿਆ ਦਿਲ ਦੇ ਸਹਾਰੇ ਢਹਿ ਗਏ। 

ਹੋਰ ਸੱਭੋ ਵਲਵਲੇ ਸਭ ਖ਼ਿਆਲ 

ਏਸ ਇਕੋ ਵਹਿਣ ਦੇ ਵਿਚ ਵਹਿ ਗਏ।

ਹੰਭ ਕੇ ਤੇ ਪਰਤ ਗਏ ਲਹਿਰਾਂ ਦੇ ਪੈਰ 

ਲਹਿੰਦੇ ਲਹਿੰਦੇ ਅੰਤ ਪਾਣੀ ਲਹਿ ਗਏ। 

ਪਰ ਗਏ ਕੁਝ ਸਿੱਪੀਆਂ ਘੋਗੇ ਖਿਲਾਰ।

ਮੁੱਕ ਗਿਆ ਹੈ ਬੱਸ ਤੇਰਾ ਇੰਤਜ਼ਾਰ।

📝 ਸੋਧ ਲਈ ਭੇਜੋ