ਜੇ ਮੈਂ ਪਿੱਤਲ ਹਾਂ
ਤਾਂ ਸੋਨਾ ਹੋਣ ਦਾ
ਢੌਂਗ ਨਹੀਂ ਰਚਾਵਾਂਗੀ....
ਦਾਗੀ ਹਾਂ
ਤਾਂ ਉੱਜਲੇ ਚਿਹਰਿਆਂ ਦੇ
ਹੰਕਾਰੇ ਸ਼ੀਸਿਆਂ ’ਚ
ਮਰਵਾ-ਮਰਵਾ ਠੂੰਗੇ
ਆਪਣੇ ਆਤਮ-ਵਿਸ਼ਵਾਸ ਦੀ
ਚੁੰਝ ਨਹੀਂ ਤੁੜਾਵਾਂਗੀ...
ਪਾਣੀ ਹਾਂ
ਤਾਂ ਐਵੇਂ ਦੁੱਧ ਨਾਲ
ਆਢਾ ਨਹੀਂ ਲਾਵਾਂਗੀ
ਆਪਣੀ ਹੀ ਤਰਲਤਾ ਦਾ
ਜਸ਼ਨ ਮਨਾਵਾਂਗੀ...
ਜੇ ਨਹੀਂ ਹੈ
ਮੇਰੇ ਕੋਲ ਬਾਬੂ- ਸ਼ਾਹੀ ਐਨਕ
ਤਾਂ ਮੈਂ ਟੱਸ-ਟੱਸ ਕਰਦੇ
ਜ਼ਖ਼ਮਾਂ ਨੂੰ
ਲਹੂ-ਲੁਹਾਨ ਸੁਪਨਿਆਂ ਨੂੰ
ਗ੍ਰਹਿਣੀ ਹੋਈ ਪ੍ਰਭਾਤ ਨੂੰ
ਨੰਗੀ ਅੱਖ ਨਾਲ ਹੀ ਵੇਖਾਂਗੀ
ਜੇ ਮੇਰੇ ਕੰਨਾਂ ਨੂੰ ਨਹੀਂ ਭਾਉਂਦੀ
ਨੀਰੋ ਦੀ ਬੰਸਰੀ
ਤਾਂ ਮੈਂ ਚਾਅਵਾਂ ਦੀਆਂ ਚੰਘਿਆੜਾਂ ਨੂੰ
ਸੱਚ ਦੇ ਵੱਜਦੇ ਘੋਰੜੂ ਨੂੰ
ਸੱਧਰਾਂ ਦੇ ਵੈਣ-ਸਿਆਪਿਆਂ ਨੂੰ
ਦੋਵੇਂ ਕੰਨ ਖੜ੍ਹੇ ਕਰਕੇ ਸੁਣਾਂਗੀ...
ਜੇ ਮੇਰੀ ਜੁਬਾਨ ਵਿੱਚ ਨਹੀਂ ਹੈ
ਮਨ ਕੀ ਬਾਤ ਕਹਿਣ ਦਾ ਹੁਨਰ
ਤਾਂ ਮੈਂ ਦਰਦਾਂ ਭਰੀ ਜਨ ਕੀ ਬਾਤ ਨੂੰ
ਕੂੰਜਾਂ-ਕੰਜਕਾਂ ਦੀ ਕੁਰਲਾਹਟ ਨੂੰ
ਧਰਤੀ ਦੀ ਹਰ ਡਰਾਉਣੀ ਆਹਟ ਨੂੰ
ਕਵਿਤਾ ਦੀ ਭਾਸ਼ਾ ਵਿਚ
ਅਨੁਵਾਦ ਕਰਕੇ ਹੀ ਬੋਲਾਂਗੀ
ਜੇ ਮੈਨੂੰ ਨਹੀਂ ਆਉਂਦਾ
ਤੁਹਾਡੇ ਮੁਤਾਬਿਕ ਚੰਗਾ
ਵੇਖਣਾ
ਸੁਣਨਾ
ਬੋਲਣਾ
ਤਾਂ ਮੈਂ ਖ਼ੁਦ ਦੇ ਮੁਤਾਬਿਕ
ਵੇਖਾਂਗੀ ਵੀ
ਬੋਲਾਂਗੀ ਵੀ
ਸੁਣਾਂਗੀ ਵੀ
ਮੈਂ ਇਨਸਾਨ ਦੀ ਜਾਈ
ਸਾਊ ਬਾਂਦਰ ਬਣਨ ਤੋਂ ਇਨਕਾਰ ਕਰਦੀ ਹਾਂ