ਇਸ ਧਰਤੀ ’ਤੇ ਦੁੱਖ ਹੀ ਦੁੱਖ ਨੇ ਪਿਆਰੇ ਦੇਖ।
ਹਾਰੇ—ਹੰਭੇ ਲੋਕੀਂ ਗ਼ਮ ਦੇ ਮਾਰੇ ਦੇਖ।
ਦੂਰ ਨਹੀਂ ਹੁਣ ਤੈਥੋਂ ਸਾਹਿਲ ਦੂਰ ਨਹੀਂ,
ਅਪਣੀ ਕਿਸ਼ਤੀ ਦੇਖ ਤੇ ਸਿਰਫ਼ ਕਿਨਾਰੇ ਦੇਖ।
ਕੀ ਹੋਇਆ ਜੇ ਚੌਹੀਂ ਪਾਸੀਂ ਨ੍ਹੇਰਾ ਹੈ,
ਨ੍ਹੇਰੇ ਦੇ ਵਿਚ ਜਗਮਗ ਚੰਨ ਸਿਤਾਰੇ ਦੇਖ।
ਮੁੱਕੇਗੀ ਆਖ਼ਿਰ ਇਹ ਠੰਡੀ ਰੁੱਤ ਕਦੋਂ,
ਅੰਦਰ ਦੇ ਸ਼ੋਅਲੇ ਬਰਫ਼ਾਂ ਨੇ ਠਾਰੇ ਦੇਖ।
ਜਦ ਤੱਕ ਦਰਿਆ ਵਿਚ ਸਨ ਪਾਣੀ ਮਿੱਠੇ ਸਨ,
ਸਾਗਰ ਦੇ ਵਿਚ ਰਲ ਕੇ ਹੋ ਗਏ ਖਾਰੇ ਦੇਖ।
ਉੱਚੇ ਖੜ੍ਹ ਕੇ ਵੇਖ ਨਾ ਉੱਚੇ ਘਰ ਨੂੰ ਤੂੰ,
ਫੁਟਪਾਥਾਂ 'ਤੇ ਸੁੱਤੇ ਪਏ ਵਿਚਾਰੇ ਦੇਖ।
ਗ਼ੈਰਾਂ ਵਾਂਗੂੰ ਉਸਦੇ ਨਾਲ ਖਲੋਤੇ ਹਨ,
ਜੋ ਲਿੱਤੇ ਸਨ ਉਸਨੇ ਸ਼ਬਦ ਉਧਾਰੇ ਦੇਖ।