ਇਸ ਧਰਤੀ ਤੇ ਹਾਲੀ ਤੱਕ ਤੇ

ਇਸ ਧਰਤੀ ਤੇ ਹਾਲੀ ਤੱਕ ਤੇ ਕੋਈ ਵੀ ਮੇਰਾ ਯਾਰ ਨਹੀਂ ।

ਮੈਂ ਲੋਕਾਂ ਦੀਆਂ ਪੀੜਾਂ ਵੰਡਾਂ, ਮੇਰਾ ਕੋਈ ਗ਼ਮਖ਼ਾਰ ਨਹੀਂ ।

ਪੰਧ ਹਿਆਤੀ ਵਾਲਾ ਲਾਰਿਆਂ ਬੁੱਤਿਆਂ ਵਿਚ ਲੰਘ ਚੱਲਿਆ ਏ,

ਦਿਲ ਵਿਚ ਲੱਖਾਂ ਸੱਧਰਾਂ ਨੇ ਕੋਈ ਕਰਦਾ ਕੌਲ ਕਰਾਰ ਨਹੀਂ ।

ਜਦ ਕਿਧਰੇ ਉਹ ਚੇਤੇ ਆਵੇ, ਦਿਲ ਵਿਚ ਭਾਂਬੜ ਮੱਚਦਾ ਏ,

ਲੱਖ ਹੰਝੂਆਂ ਦੀ ਬਾਰਿਸ਼ ਵੱਸੇ, ਠਰਦਾ ਪਰ ਅੰਗਿਆਰ ਨਹੀਂ ।

ਲੋਕੋ ਜ਼ੁਲਮ ਦੀਆਂ ਕੰਧਾਂ ਨੂੰ ਉੱਚਿਆਂ ਹੋਰ ਉਸਾਰੋ ਨਾ,

ਤਲੀਆਂ ਉੱਤੇ ਸਰੋਂ ਜਮਾਵੇਂ, ਕਰਦਾ ਰੱਬ ਉਧਾਰ ਨਹੀਂ ।

ਹੋ ਸਕਿਆ ਤੇ ਚੰਨ ਦੇ ਵਾਂਗਰ ਠੰਢੀਆਂ ਰਿਸਮਾਂ ਵੰਡਾਂਗਾ,

ਮੈਂ ਧਰਤੀ ਦਾ ਸੀਨਾ ਸਾੜਾਂ, ਇਹ ਮੇਰਾ ਕਿਰਦਾਰ ਨਹੀਂ ।

ਜਦ ਫੁੱਲਾਂ ਤੇ ਜੋਬਨ ਹੋਵੇ, ਚੁੱਕਦੇ ਧੌਣ ਨੇ ਟੋਹਰਾਂ ਨਾਲ,

ਵਿੱਚ ਖ਼ਿਜ਼ਾਂ ਦੇ ਲੰਘੀ ਹੋਈ, ਭੁੱਲਦੀ ਕਦੀ ਬਹਾਰ ਨਹੀਂ ।

ਬੁੱਕਲ ਵਿਚ ਸਿਰ ਦੇ ਕੇ 'ਰਾਹਤ', ਭਾਵੇਂ ਹੰਝੂ ਕੇਰ ਲਵਾਂ,

ਹੁਣ ਉਹਦੇ ਪੈਰੀਂ ਨਹੀਂ ਪੈਣਾ, ਕਰਨਾ ਵੀ ਇਜ਼ਹਾਰ ਨਹੀਂ ।

📝 ਸੋਧ ਲਈ ਭੇਜੋ