ਇਸ ਧਰਤੀ ਤੇ ਜਿਵੇਂ ਸੀ ਆਇਆ, ਉਵੇਂ ਨਿਭਾਉਂਦਾ ਤਾਂ ਗਲ ਬਣਦੀ
ਰੱਬ ਦੀ ਮਿੱਟੀ ਤੇ ਕੋਈ ਮਿੱਟੀ, ਨਾ ਚੜ੍ਹਵਾਉਂਦਾ ਤਾਂ ਗਲ ਬਣਦੀ।
ਝੀਲ ਜਿਹੀਆਂ ਮਿਰਗਨੈਣੀ ਅੱਖਾਂ, ਰੰਗ ਰੋਈਆਂ ਰੰਗ ਹੱਸੀਆਂ ਨੇ
ਮੀਚ ਕੇ ਅੱਖਾਂ, ਇੱਕ ਵੀ ਤਿਤਲੀ, ਫੜ ਦਿਖਲਾਉਂਦਾ, ਤਾਂ ਗਲ ਬਣਦੀ।
ਕਾਵਾਂਰੌਲੀ ਦੇ ਕਚਰੇ ਨੂੰ, ਸੁਣ ਸੁਣ ’ਕੱਠਾ ਕੀਤਾ ਊ
ਅੰਦਰ ਦੇ ਰਾਂਝੇ ਦਾ ਅਨਹਦ, ਨਾਦ ਵਜਾਉਂਦਾ, ਤਾਂ ਗਲ ਬਣਦੀ।
ਦੌੜ ਭੱਜ ਵਿੱਚ ਸਾਰੀ ਉਮਰੇ, ਥਾਂ ਥਾਂ ਧੱਕੇ ਖਾ ਬੈਠੋਂ
ਢੋ ਕੇ ਬੂਹਾ, ਆਪਣੇ ਅੰਦਰ, ਗੇੜਾ ਲਾਉਂਦਾ, ਤਾਂ ਗਲ ਬਣਦੀ।
ਬਹੁਤ ਬੋਲ ਕੇ, ਮਲਭਖ ਖਾ ਕੇ, ਆਪਣੇ ਵੈਰੀ ਕਰ ਬੈਠੋਂ
ਚੁਪ ਚੁਪੀਤੇ ਅੰਦਰ ਬਹਿਕੇ ਯਾਰ ਮਨਾਉਂਦਾ, ਤਾਂ ਗਲ ਬਣਦੀ।
ਆਪਣਾ ਬਿਰਖ ਬਸੰਤੀ ਮਿੱਤਰਾ, ਕਿੰਨਾ ਸੋਹਣਾ ਲਗਦਾ ਹੈ!
ਰੁੰਡ ਮੁੰਡ ਹੋਏ ਬੂਟੇ ਤਾਈਂ ਜਾ ਮਹਿਕਾਉਂਦਾ, ਤਾਂ ਗਲ ਬਣਦੀ।
ਤੂੰ ਕੀ ਸੋਚੇਂ, ਉਹ ਕੀ ਸੋਚੂ, ਮੈਂ ਕੀ ਸੋਚਾਂ, ਕੀ ਲੈਣਾ
ਆਪਣੀ ਮਿੱਟੀ ਦਾ ਇੱਕ ਕਿੱਸਾ ਖੋਲ ਸੁਣਾਉਂਦਾ, ਤਾਂ ਗਲ ਬਣਦੀ।
ਹਥਿਆਰ ਚਲਾ ਕੇ ਅੱਜ ਦੇ ਬੰਦੇ, ਬੰਦੇ ਮਾਰੀ ਜਾਂਦੇ ਨੇ
ਸ਼ਾਇਰ ਕਦ ਮਰਦੇ ਨੇ ‘ਉੱਪਲ’, ਕਲਮ ਚਲਾਉਂਦਾ, ਤਾਂ ਗਲ ਬਣਦੀ।
ਜਗ ਦੇ ਰੰਗਲੇ ਮੇਲੇ ਦੇ ਵਿੱਚ, ਖ਼ੁਦ ਨੂੰ, ਬੜਾ ਗਵਾਇਆ ‘ਉੱਪਲ’
ਵਾਂਗ ਫਕੀਰਾਂ ’ਕੱਲਿਆਂ ਬਹਿਕੇ ਢੋਲੇ ਗਾਉਂਦਾ, ਤਾਂ ਗਲ ਬਣਦੀ।