ਇਸ ਧਰਤੀ ਤੇ ਜੰਗਾਂ

ਇਸ ਧਰਤੀ ਤੇ ਜੰਗਾਂ ਹੋਈਆਂ

ਏਸੇ ਤੇ ਹੀ ਭਗਤੀ

ਏਸੇ ਤੇ ਹੀ ਲੁੱਟਾਂ ਖੋਹਾਂ

ਕਈ ਥਾਂਈਂ ਗੁਰਬਤ ਵਰਤੀ

ਇਸ ਧਰਤੀ ਤੇ ਜੀਵਨ ਫਲਿਆ

ਏਸੇ ਤੇ ਹੀ ਮੌਤਾਂ ,

ਏਸੇ ਤੇ ਹੀ ਗਿਆਨ ਨੇ ਅੱਜ ਤੱਕ

ਲੱਭੀਆਂ ਇਲਮ,ਰਸੌਤਾਂ ।

ਇਸ ਧਰਤੀ ਤੇ ਪਾਣੀ ਵਗਿਆ

ਏਸੇ ਤੇ ਹੀ ਮਿੱਟੀ

ਕਈ ਥਾਂਈ ਏ ਮੱਸਿਆ ਵਾਂਗੂੰ

ਕਈ ਥਾਂਈ ਚੰਨ ਤੋਂ ਚਿੱਟੀ

ਏਸੇ ਦੇ ਹੀ ਵਿਚ ਸਮਾਏ

ਜੋ ਇਤਿਹਾਸ ਦੇ ਪੰਨੇ

ਸਭ ਕੋਲੇ ਥੋੜ੍ਹਾ ਥੋੜ੍ਹਾ ਸੱਚ ਐ

ਬੰਦਾ ਕੀਹਦੀ ਕੀਹਦੀ ਮੰਨੇ

ਏਸੇ ਤੇ ਹੀ ਇਸ਼ਕ ਸਿੱਖਾਇਆ

ਆਸ਼ਿਕ ਲੋਕ ਫਕੀਰਾਂ

ਏਸੇ ਨੂੰ ਅੰਬਰ ਚੁੰਮਣ ਦਿੰਦਾ

ਘੱਤ ਪਾਣੀ ਦੀਆਂ ਵਹੀਰਾਂ

ਇਸ ਧਰਤੀ ਨੂੰ ਸਮਝਣ ਖਾਤਰ

ਖੋਜੀਆਂ ਖੋਜ ਵੀ ਕੀਤੀ

ਲੱਖ ਚਾਣੱਕਯ ਹਾਰ ਕੇ ਬਹਿ ਗਏ

ਚੱਲੀ ਨਾ ਕੋਈ ਨੀਤੀ ।

ਤੇਰੇ ਜਿਹੇ ਸ਼ੀਰਾਜ਼ਾ ਏਥੇ

ਕਿੰਨੇ ਗਏ ਤੇ ਆਏ

ਉਹ ਆਖਿਰ ਨੂੰ ਚੁੱਪ ਹੋ ਜਾਂਦਾ

ਜੋ ਇਹ ਰਮਜ਼ਾਂ ਪਾਏ ।

📝 ਸੋਧ ਲਈ ਭੇਜੋ