ਇਸ ਘਰ ਵਿਚ

ਅੱਜ ਕੀ ਕੀ ਨਹੀਂ ਸੀ ਹੋਣਾ

ਕੰਧਾਂ ਰਸੋਈ ਵਿਹੜਾ ਲਿੱਪਿਆ ਜਾਣਾ ਸੀ

ਸੁਰਗ ਵਾਂਗ

ਸੂਰਜ ਨੂੰ ਨੇੜੇ ਬਿਠਾ

ਗੱਲਾਂ ਕਰਨੀਆਂ ਸਨ ਬਾਪ ਵਾਂਗ

ਇਹ ਉਹ ਸੁੰਨੀ ਰਸੋਈ ਹੈ

ਜੋ ਕਦੇ ਭਾਗਾਂ ਵਾਲੀ ਹੁੰਦੀ ਸੀ

ਜਿੱਥੇ ਪਿੱਤਰਾਂ ਨੇ ਤਾਰੀਖ਼ ਲਿਖੀ ਸੀ

ਇੱਟਾਂ 'ਤੇ ਰੀਝਾਂ ਉੱਕਰੀਆਂ ਸਨ ਕਦੇ

ਜਿੱਥੇ ਪੋਹ ਦਾ ਪਾਲ਼ਾ ਪਲਾਂ 'ਚ ਮਰ ਜਾਂਦਾ ਸੀ

ਮਾਂ ਦੇ ਨਿੱਘ ਨਾਲ

ਬਾਪੂ ਦੀ ਬੁੱਕਲ 'ਚੋਂ

ਅਰਸ਼ ਦਾ ਨਜ਼ਾਰਾ ਦਿਸਦਾ ਸੀ ਕਦੇ

ਭੈਣਾਂ ਦੇ ਚਾਅ ਖਿੜਦੇ ਸਨ

ਦਾਦੀ ਚੂਰੀਆਂ ਦਿੰਦੀ ਸੀ ਕੁੱਟ ਕੁੱਟ

ਕੀ ਨਹੀਂ ਸੀ ਇਸ ਵਿਹੜੇ 'ਚ

ਘਰ ਦੇ ਅੰਬਰ 'ਤੇ

ਹੱਥ ਸੀ ਮਾਲਾ ਵਾਲਾ ਗੁਰੂ ਨਾਨਕ ਦਾ

ਘੋੜੇ 'ਤੇ ਸਵਾਰ ਜਹਾਨ ਸੀ ਪਟਨੇ ਦਾ

ਕਿੱਲੀਆਂ 'ਤੇ ਖੁਸ਼ੀਆਂ ਲਟਕਦੀਆਂ ਸਨ ਸੁਬ੍ਹਾ ਸ਼ਾਮ

ਇਥੇ ਅੱਜ ਸਾਡੇ ਬੀ ਜੀ ਨੇ

ਚਾਵਾਂ ਨਾਲ ਚੁੱਲ੍ਹੇ ਦੁਆਲੇ ਰੌਣਕ ਸੱਦਣੀ ਸੀ

ਚੰਦ ਵਰਗੀਆਂ ਮੱਕੀ ਦੀਆਂ

ਮੇਥਿਆਂ ਵਾਲੀਆਂ ਰੋਟੀਆਂ ਥਪਕ ਥਪਕ

ਦੁਨੀਆਂ ਦੀ ਭੁੱਖ ਮਾਰਨੀ ਸੀ

ਸਵੇਰ ਦੀ ਅਧਰਕ ਵਾਲੀ ਚਾਹ ਦੇ ਘੁੱਟਾਂ 'ਚ

ਲਾਈਨਾਂ ਵਾਲੇ ਬਿਸਕੁਟਾਂ ਨੇ ਡੁੱਬਣਾ ਸੀ

ਪਾਪਾ ਨੇ ਗੜਬੀ 'ਚੋਂ ਭਰ ਭਰ ਪੀਣੇ ਸਨ

ਗਰਮ ਕੱਪ 'ਚੋਂ ਗੀਤਾਂ ਦੇ ਘੁੱਟ

ਚਾਟੀ ਵਿਚੋਂ ਚਿੱਟੇ ਨਗਮੇਂ

ਆਂਢ ਗੁਆਂਢ ਜਾਣੇ ਸੀ ਡੋਲੂਆਂ 'ਚ

ਬਨੇਰਿਆਂ 'ਤੇ ਸਿਤਾਰੇ ਸਜਣੇ ਸਨ ਸ਼ਾਮ ਹੋਣ 'ਤੇ

ਚੰਦ ਨੇ ਪਿੰਡ ਦੀ ਰਾਖੀ ਕਰਨੀ ਸੀ

ਹਰੇ ਸੁਨਹਿਰੀ ਗਾਉਂਦੇ ਖੇਤਾਂ 'ਚੋਂ ਲਿਆਂਦੇ

ਸਾਗ ਦੀਆਂ ਕੂਲੀਆਂ ਕੂਲੀਆਂ ਗੰਦਲਾਂ ਨੇ

ਲੱਜਤ ਬਣਨਾਂ ਸੀ ਸਵਾਦਾਂ ਦੀ

ਗਿੱਧਾ ਪਾਉਣਾ ਸੀ ਮੂਲੀਆਂ ਗੰਨਿਆਂ ਨੇ

ਵਿਹੜੇ ਦੀ ਧਰਤ ਪੱਟ ਪੱਟ

ਵੱਡੇ ਵੱਡੇ ਪਤੀਲਿਆਂ 'ਚ ਰਸ ਭਰੇ ਖੇਤਾਂ 'ਚੋਂ

ਅੰਮ੍ਰਿਤ ਵਰਸਣਾ ਸੀ

ਚਾਵਲਾਂ ਨੇ ਬਣਨਾ ਸੀ ਸੰਸਾਰ ਦਾ ਨਾਸ਼ਤਾ

ਮੱਕੀ ਦੀਆਂ ਛੱਲੀਆਂ ਨੇ ਉੱਬਲ ਉੱਬਲ

ਦੰਦਾਂ ਦੇ ਸਾਜ ਸੁਰ ਕਰਨੇ ਸਨ

ਇਹ ਓਹੀ ਘਰ ਹੈ

ਜਿਸ ਦੇ ਵਿਹੜੇ 'ਚ

ਅੱਜ ਪਿੰਡ ਦੀਆਂ ਮੁਟਿਆਰਾਂ ਨੇ

ਰੰਗ ਬਿਰੰਗੇ ਸੂਟਾਂ 'ਚ ਸੰਵਰ

ਚਿੱਟੇ ਹੱਸਦੇ ਦੰਦਾਂ 'ਚੋਂ

ਗੀਤ ਖਿਲਾਰਨੇ ਸਨ ਗੀਗਿਆਂ ਦੇ

ਸੂਹੇ ਚੂੜਿਆਂ ਨੇ ਗਲੀਆਂ 'ਚ ਰੰਗ ਖੋਰਨੇ ਸਨ

ਅੜ ਅੜ ਲੈਣੀਆ ਸਨ ਲੋਹੜੀਆਂ ਵੰਗਾਂ ਨੇ

ਗੱਭਰੂਆਂ ਨੇ ਨਹੀਂ ਸੀ ਤੁਰਨਾ ਦਰਾਂ ਦੀ ਹਿੱਕ 'ਤੋਂ

ਮੂੰਹ ਮੰਗੀ ਲੋਹੜੀ ਬਗ਼ੈਰ

ਨਿੱਕੀਆਂ ਨਿੱਕੀਆਂ ਟੋਲੀਆਂ ਨੇ

ਗੁੜ੍ਹ ਦਾਣਿਆਂ ਤੇ ਪੈਸਿਆਂ ਨਾਲ ਭਰਨੇ ਸਨ ਝੋਲੇ

ਤੇ ਹੱਸਦਿਆਂ ਹੱਸਦਿਆਂ

ਰੱਜੇ ਘਰ ਵਰਗੀਆਂ ਗੱਲਾਂ ਕਰਨੀਆਂ ਸਨ

ਬਾਪੂ ਨੇ ਡੱਟ ਖੋਲਣਾ ਸੀ

ਕਿਤੇ ਛੁਪਾ ਕੇ ਰੱਖੀ ਵਲੈਤੀ ਬੋਤਲ ਦਾ

ਦਾਰੂ ਦੇ ਲੋਰ ਨੇ ਅੰਬਰ ਨਚਾਉਣਾ ਸੀ

ਬੱਕਰੇ ਦੇ ਮੀਟ ਨੇ ਰਿੱਝ ਰਿੱਝ ਕਮਲਾ ਹੋਣਾ ਸੀ

ਧੂਣੀਆਂ 'ਤੇ ਮਹਿਫਲਾਂ ਲੱਗਣੀਆਂ ਸਨ

ਪਿੰਡ ਦੀ ਰਾਤ ਸਰ੍ਹਾਣੇ

ਗੱਚਕ ਰਿਉੜੀਆਂ ਮੂੰਗਫ਼ਲੀ ਨੇ ਬਦਾਮ ਕਾਜੂ ਬਣਨਾ ਸੀ

ਅੱਜ ਕੀ ਕੀ ਨਹੀਂ ਸੀ ਹੋਣਾ ਇਸ ਘਰ ਵਿਚ

ਗੀਤਾਂ ਦੀ ਭਰਮਾਰ 'ਚ

ਅੱਜ ਫਿਰ ਮੇਰੇ ਪਿੰਡ ਨੇ

ਮੇਰੇ ਬਗ਼ੈਰ ਨੱਚਣਾ ਤੇ ਗਾਉਣਾ ਹੈ

ਹਾਰੇ ਜਵਾਰੀਏ ਨੇ ਬਾਹਰ ਨਿਕਲ

ਮੂੰਹ ਨਹੀਂ ਵਿਖਾਉਣਾ ਕੱਲ ਨੂੰ ਫੇਰ

ਰਾਤੀਂ ਕਿੰਨੇ ਕਿੰਨੇ ਪੈਸੇ ਹਿੱਸੇ ਆਏ

ਕਿੰਨੀ ਪੀਤੀ ਕੌਣ ਕੌਣ ਲੜਿਆ

ਸਵੇਰਾ ਸੱਟਾਂ ਵਿਖਾਏਗਾ ਨਿੱਘੀ ਨਿਕਲੀ ਧੁੱਪ ਨੂੰ

ਦੱਸੇਗਾ ਕਿੱਥੇ ਕਿੱਥੇ ਦਰਦ ਹੁੰਦੀ ਹੈ

ਕਿਹੜਾ ਕਿਹੜਾ ਪਿੰਡ ਥਾਣੇ ਗਿਆ ਹੈ

ਅੱਜ ਕੀ ਕੀ ਨਹੀਂ ਹੋਣਾ ਰਾਤ ਨੂੰ

ਨੀ ਲੋਹੜੀਏ!

ਮੇਰੇ ਪੰਜਾਬ ਦੇ ਪਿੰਡ ਪਿੰਡ ਨੂੰ

ਹਸਾਉਂਦੀ ਗਵਾਉਂਦੀ ਨਚਾਉਂਦੀ ਰਹੀਂ ਹਰ ਵੇਲੇ

ਦੇਖੀਂ ਇਹਦੇ ਕਿਸੇ ਰੁੱਖ ਨੂੰ ਵੀ

ਸੱਟ-ਫੇਟ ਨਾ ਲੱਗੇ

ਧੂਣੀਆਂ ਦੇ ਦੁਆਲੇ ਚੰਦ ਤਾਰੇ ਵੀ ਸੱਦ ਲਈਂ

ਗਿੱਧਿਆਂ ਭੰਗੜਿਆਂ ਨਾਲ ਲੰਘਾਈਂ

ਮੇਰੇ ਪੰਜਾਬ ਦੀ ਰਾਤ

📝 ਸੋਧ ਲਈ ਭੇਜੋ