ਇਸ ਜੀਵਨ ਤੋਂ ਰੱਜੇ
ਸਾਈਂ!
ਅਸੀਂ ਇਸ ਜੀਵਨ ਤੋਂ ਰੱਜੇ
ਖੌਰੇ ਕਿਹੜੀ ਆਸ ’ਤੇ ਰਹਿ ਗਏ
ਸਾਹ ਦੀ ਡੋਰੀ ਬੱਝੇ
ਸਾਈਂ!
ਅਸੀਂ ਇਸ ਜੀਵਨ ਤੋਂ ਰੱਜੇ
ਰੋਜ਼ ਦਿਹਾੜੇ, ਜੀਣਾ ਮਰਨਾ,
ਸਾਡੇ ਲੇਖੀਂ ਲਿਖਿਆ
ਵੇਲਾ ਕਿਹੜੀ ਟੋਰ ਟੁਰੀਂਦੈ,
ਇਹ ਨਾ ਸਾਨੂੰ ਦਿਖਿਆ
ਸਾਦ ਮੁਰਾਦੇ ਜੀਅ ਅਖਵਾਏ
ਬੇ ਲੱਜੇ, ਬੇ ਚੱਜੇ
ਸਾਈਂ!
ਅਸੀਂ ਇਸ ਜੀਵਨ ਤੋਂ ਰੱਜੇ
ਸਾਡੇ ਵਿਹੜੇ ਹਾਸੇ ਆਵਣ,
ਸ਼ਕਲ ਬਣਾ ਕੇ ਰੋਣੀਂ
ਸਾਹ ਸਾਹ ਦੇ ਨਾਲ਼ ਝੱਲੀ ਜਾਈਏ
ਨਿੱਤ ਹੋਣੀ ਤੇ ਹੋਣੀ!
ਮਹਿੰਗ ਸਮੇਂ ਦੇ ਮਾਰੂ ਥਲ 'ਚ
ਧੂੜ ਉਡਾਂਦੇ ਭੱਜੇ
ਸਾਈਂ!
ਅਸੀਂ ਇਸ ਜੀਵਨ ਤੋਂ ਰੱਜੇ
ਵੇਲੇ ਦੀ ਪਈ ਡੈਣ ਖਿਡਾਵੇ
ਚੁੱਕ ਅਸਾਨੂੰ ਕੁੱਛੇ
ਕਿਹੜਾ ਸਾਡਾ ਵਾਲੀ ਵਾਰਿਸ
ਕੌਣ ਅਸਾਨੂੰ ਪੁੱਛੇ
ਜਿਹੜੇ ਜ਼ਾਤੋਂ ਹੈਣ ਕੁਜ਼ਾਤੇ
ਉਹ ਸਿਰ ਚੜ੍ਹ ਕੇ ਗੱਜੇ
ਸਾਈਂ!
ਅਸੀਂ ਇਸ ਜੀਵਨ ਤੋਂ ਰੱਜੇ