ਇਸ ਪੱਥਰ ਦਿਲ ਦੁਨੀਆਂ ਅੰਦਰ, ਬਹੁਤੇ ਨਾ ਤੂੰ ਯਾਰ ਬਣਾ ।
ਜ਼ਿੰਦਾ ਦਿਲ ਇਨਸਾਨਾਂ ਅੰਦਰ, ਆਪਣਾ ਇਕ ਦਿਲਦਾਰ ਬਣਾ ।
ਜਿਉਣ ਲਈ ਹਰ ਇਕ ਬੰਦੇ ਨੂੰ, ਕੁਝ ਤੇ ਕਰਨਾ ਪੈਂਦਾ ਏ,
ਸੱਧਰਾਂ ਦੀ ਬੰਜਰ ਧਰਤੀ ਵਿਚ, ਗੁਲਸ਼ਨ ਦੇ ਆਸ਼ਾਰ ਬਣਾ ।
ਗ਼ਰਜ਼ਾਂ ਦੇ ਵਾਇਰਸ ਨੇ ਤੈਨੂੰ, ਏਨਾ ਰੋਗੀ ਕੀਤਾ ਏ,
ਲਾਲਚ ਦੀ ਨਗਰੀ ਤੋਂ ਵੱਧ ਕੇ, ਵੱਖ ਆਪਣਾ ਘਰ ਬਾਰ ਬਣਾ ।
ਸੱਚ ਦਾ ਜੁਗਨੂੰ ਹੋ ਕੇ ਚਮਕਾਂ, ਮੈਂ ਤਾਂ ਕਾਲੀਆਂ ਰਾਤਾਂ ਵਿੱਚ,
ਚੜ੍ਹਦੇ ਸੂਰਜ ਵਾਂਗਰ ਸੱਜਣਾਂ, ਤੂੰ ਵੀ ਕੁਝ ਲਿਸ਼ਕਾਰ ਬਣਾ ।
ਮਾਂ ਬੋਲੀ ਦੀ ਤਾਂਘ ਹੀ ਤੈਨੂੰ, ਏਥੇ ਤੱਕ ਲੈ ਆਈ ਏ,
ਇਹਦੇ ਵਿਚ ਮੈਂ ਲਿਖਦਾਂ ਤਾਂ ਜੋ, ਤੂੰ ਵੀ ਇਹ ਰਫ਼ਤਾਰ ਬਣਾ ।
ਗੁੰਗੇ ਬੋਲ਼ੇ ਲੋਕਾਂ ਵਿਚ ਬਸ, ਕੱਲਾ ਫਿਰਦਾ ਰਹਿੰਦਾ ਏਂ,
ਕਦ ਤਕ ਕੱਲਾ ਰਹੇਂਗਾ 'ਕੁਦਸੀ', ਤੂੰ ਕੋਈ ਗ਼ਮਖ਼ਾਰ ਬਣਾ ।