ਇਸ ਤੋਂ ਵੀ ਉਚੇਰਾ ਤਾਂ ਕੋਈ ਭਾਗ ਨਹੀਂ ਹੈ
ਉਸ ਸ਼ਖ਼ਸ ਦੀ ਪਗੜੀ ਨੂੰ ਕੋਈ ਦਾਗ਼ ਨਹੀਂ ਹੈ
ਹਰ ਇਕ ਦੇ ਲਈ ਤੈਅ ਹੈ ਸਮਾਂ ਵੀ ਤੇ ਘੜੀ ਵੀ
ਬੇਵਕਤ ਜੋ ਛਿੜਦਾ ਹੈ ਕਿਤੇ ਰਾਗ ਨਹੀਂ ਹੈ
ਸਭ ਕੁਝ ਜੇ ਨਹੀਂ ਕੁਝ ਨਾ ਕੁਝ ਤਾਂ ਲੁੱਟ ਕੇ ਰਹੇਗਾ
ਕਿ ਵਕਤ ਸਮੇਂ ਆਈ ਅਗਰ ਜਾਗ ਨਹੀਂ ਹੈ
ਆਟਾ ਵੀ ਭੁੜਕਦਾ ਹੀ ਨਹੀਂ ਆਉਣ ਕਿਵੇਂ ਉਹ
ਤੱਕਿਆ ਤਾਂ ਬਨੇਰੇ 'ਤੇ ਵੀ ਕੋਈ ਕਾਗ ਨਹੀਂ ਹੈ
ਉਹ ਰਚਦੇ ਚਲੇ ਜਾਣ ਬੜੇ ਵਾਕ ਰੁਜ਼ਾਨਾ
ਅਰਥਾਂ ਨੂੰ ਵਿਚਾਰਾਂ ਦੀ ਮਗਰ ਲਾਗ ਨਹੀਂ ਹੈ
ਕੁਝ ਬਿਰਖ ਅਜੇਹੇ ਵੀ ਨੇ ਹਰ ਬਾਗ਼ 'ਚ ਹੁੰਦੇ
ਜੇ ਉਹ ਨਹੀਂ ਬਾਗ਼ ਵੀ ਕੋਈ ਬਾਗ਼ ਨਹੀਂ ਹੈ
ਇਹ ਅੱਥਰੇ ਅਜੇਹੇ ਨੇ ਕਦੇ ਰੁਕਦੇ ਨਾ ਕੋਮਲ
ਸਮਿਆਂ ਦੀ ਕਿਸੇ ਹੱਥ ਕੋਈ ਵਾਗ ਨਹੀਂ ਹੈ