ਇਸ ਤੋਂ ਬਚਣਾ ਮਿਰਾ ਨਸੀਬ ਨਹੀਂ।
ਰਾਤ, ਜ਼ਖ਼ਮੀ ਹੋਈ ਸਲੀਬ ਨਹੀਂ।
ਰੰਗਾਂ, ਨਸਲਾਂ 'ਚ ਘਿਰ ਗਿਆ ਹਾਂ ਮੈਂ,
ਮੇਰੇ ਜਿੰਨਾ ਕੁਈ ਗਰੀਬ ਨਹੀਂ।
ਮੈਂ ਵੀ ਤਾਰਾ ਸੀ ਤੇਰੇ ਅੰਬਰ ਦਾ,
ਮੇਰਾ ਟੁੱਟਣਾ ਵੀ ਕੁਝ ਅਜੀਬ ਨਹੀਂ।
ਸੁਬਹ ਜੀਵਨ ’ਚ ਰੰਗ ਭਰਦੀ ਹੈ,
ਸੁਬਹ ਐਪਰ ਅਜੇ ਕਰੀਬ ਨਹੀਂ।
ਕੋਈ ਬਾਰੀ, ਝਰੋਖਾ ਮਹਿਕੇਗਾ,
ਇਹ ਸਫ਼ਰ ਐਨਾ ਬਦਨਸੀਬ ਨਹੀਂ।
ਲਿਖ ਵੀ ‘ਅਜਮੇਰ’ ਕੋਈ ਇਹ ਨਾ ਕਹੇ,
ਮੋਗੇ ਸ਼ਹਿਰ 'ਚ ਕੋਈ ਅਦੀਬ ਨਹੀਂ।