ਪੋਣੇ ‘ਚ ਦੋ ਡੰਗ ਦੀ ਰੋਟੀ ਬੰਨ੍ਹ
ਤੇ ਡੱਬੀਆਂ ਵਾਲਾ
ਧੋਤਾ ਪਰਨਾ ਫੜ੍ਹਾਉਦਿਆਂ
ਧੀ ਬੋਲੀ
ਬਾਪੂ !
ਇਸ ਵਾਰ ਤੂੰ ਧਰਨੇ ਤੇ
ਇਕੱਲਾ ਨਹੀਂ ਜਾਵੇਂਗਾ
ਮੈਂ ਵੀ ਤੇਰੇ ਨਾਲ ਜਾਵਾਂਗੀ
ਤੇਰੀ ਆਵਾਜ਼ ‘ਚ ਆਪਣੀ
ਆਵਾਜ਼ ਰਲਾਵਾਂਗੀ
ਤੇਰੇ ਪਿੰਡੇ ਤੇ ਵਰ੍ਹੀਆਂ ਡਾਗਾਂ
ਤੇ ਤੇਰੀ ਰੂਹ ਨਾਲ
ਖੇਡੀਆਂ ਗਈਆਂ
ਮਕਾਰੀ ਖੇਡਾਂ ਦੀ ਪੀੜਾ
ਮੈਂ ਤੇਰੇ ਨਾਲ ਵੰਡਾਵਾਂਗੀ ।
ਬਾਪੂ !
ਤੂੰ ਬਹੁਤ ਭੋਲਾ ਏਂ
ਹਰ ਵਾਰ
ਮੀਸਣੇ ਲੀਡਰਾਂ ਦੇ ਭਾਸ਼ਣਾਂ ਤੇ
ਯਕੀਂਨ ਕਰ ਲੈਨਾਂ
ਪਰ…
ਇਸ ਵਾਰ ਮੈਂ ਤੈਨੂੰ
ਉਹਨਾਂ ਦੇ ਮਕਾਰੀ ਭਾਸ਼ਣਾਂ ਦੇ
ਮਾਰੂ ਅਰਥ ਸਮਝਾ
ਮੇਰੀਆਂ ਡਿਗਰੀਆਂ ਤੇ
ਖਰਚ ਹੋਏ ਤੇਰੇ ਪੈਸੇ
ਤੇ ਤੇਰੀਆਂ ਹੰਢਾਈਆਂ ਤੰਗੀਆਂ ਦਾ
ਭੋਰਾ ਮੁੱਲ ਚੁਕਾਵਾਂਗੀ
ਤੇਰੀ ਕਹੀ ਨੂੰ
ਬਗਾਵਤ ਦਾ ਚਿੰਨ੍ਹ ਬਣਾ ਕੇ
ਅਸਮਾਨ ਵਿੱਚ ਲਹਿਰਾਵਾਂਗੀ
ਬਾਪੂ !
ਇਸ ਵਾਰ ਤੂੰ ਧਰਨੇ ਤੇ
ਇਕੱਲਾ ਨਹੀਂ ਜਾਵੇਂਗਾ
ਤੇਰੇ ਖੇਤਾਂ ਦੀ ਧੀ
ਤੇਰੀ ਲਾਡੋ
ਤੇਰੇ ਨਾਲ ਜਾਵੇਗੀ
ਤੇਰੇ ਖੇਤਾਂ ਦੀ ਮਿੱਟੀ ਦੀ
ਚੋਰੀ ਹੋਈ ਮਹਿਕ
ਤੇ ਪੱਕੀ ਫ਼ਸਲ ਦਾ
ਲੁੱਟਿਆ ਹਾਸਾ
ਵਾਪਿਸ ਲਿਆਵੇਗੀ ।
ਬਾਪੂ
ਤੂੰ ਇਸ ਵਾਰ
ਧਰਨੇ ਤੇ
ਇਕੱਲਾ ਨਹੀਂ ਜਾਵੇਂਗਾ
ਮੈਂ ਤੇਰੇ
ਨਾਲ ਜਾਵਾਂਗੀ ।