ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ, ਇਸ ਵਿਚ ਕਰ ਤਕਰੀਰਾਂ!
ਮਾਂ ਬੋਲੀ ਦਾ ਪੱਲਾ ਫੜ ਲੈ, ਬਣ ਜਾਸਨ ਤਕਦੀਰਾਂ!!
ਸਾਡੇ ਦੇਸ਼ 'ਪੰਜਾਬ' ਤੇ ਅਜ਼ਲੋਂ, ਹੋਣੀ ਕਾਬਜ਼ ਹੋਈ,
'ਸੋਹਣੀਆਂ' ਵਿੱਚ ਝਨਾਂ ਦੇ ਡੁੱਬੀਆਂ, ਮੋਹਰਾ ਖਾਧਾ ਹੀਰਾਂ!
ਸਾਥੋਂ ਚੜ੍ਹਦੀ ਧਰਤੀ ਖੁੱਸੀ, ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ-ਲੀਰਾਂ!
ਸਾਨੂੰ ਡੁਸਕਣ ਵੀ ਨਾ ਦਿੰਦੇ, ਮੂੰਹ ਤੇ ਜਿੰਦਰੇ ਲੱਗੇ,
ਸਾਨੂੰ ਹਿਲਣ ਵੀ ਨਾ ਦਿੰਦੇ, ਛਣਕਨ ਨਾ ਜ਼ੰਜੀਰਾਂ!
ਰੰਰ-ਬਰੰਗੇ ਸੁਹਣੇ ਪੰਛੀ, ਏਥੋਂ ਤੁਰਦੇ ਹੋਏ,
ਥੋੜ੍ਹੇ ਉੱਲੂ ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ ।
ਆਪਣੀ ਬੋਲੀ, ਆਪਣੀ ਧਰਤੀ, ਛੱਡਿਆਂ ਕੁੱਝ ਨਹੀਂ ਰਹਿੰਦਾ,
ਕੁਦਰਤ ਮੁਆਫ਼ ਕਦੇ ਨਹੀਂ ਕਰਦੀ 'ਅਸ਼ਿਕ' ਇਹ ਤਕਸੀਰਾਂ ।